ਤਹਿਰਾਨ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੇ ਹੈਲੀਕਾਪਟਰ ਦਾ ਮਲਬਾ ਅਜ਼ਰਬਾਈਜਾਨ ਦੀਆਂ ਪਹਾੜੀਆਂ ਤੋਂ ਮਿਲਿਆ ਹੈ। ਜਹਾਜ਼ ਵਿੱਚ ਰਾਸ਼ਟਰਪਤੀ ਰਇਸੀ ਅਤੇ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਯਾਨ ਸਮੇਤ ਨੌਂ ਲੋਕ ਸਵਾਰ ਸਨ। ਈਸੀ ਦਾ ਹੈਲੀਕਾਪਟਰ ਐਤਵਾਰ ਨੂੰ ਅਜਰਬਾਈਜਨ ਨੇੜੇ ਹਾਦਸਾਗ੍ਰਸਤ ਹੋਇਆ ਸੀ, ਜਿਸ ਤੋਂ ਬਾਅਦ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਈਰਾਨੀ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਸਨ, ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ ਹੈ।
ਦਸ ਦਇਏ ਕਿ ਉਨ੍ਹਾਂ ਦਾ ਹੈਲੀਕਾਪਟਰ ਐਤਵਾਰ ਸ਼ਾਮ ਸਾਢੇ ਸੱਤ ਵਜੇ ਅਜ਼ਰਬਾਈਜਾਨ ਨੇੜੇ ਲਾਪਤਾ ਹੋ ਗਿਆ ਸੀ। ਰਾਤ ਭਰ ਇਸਦੀ ਤਲਾਸ਼ ਕੀਤੀ ਗਈ। ਇਲਾਕੇ ‘ਚ ਭਾਰੀ ਮੀਂਹ, ਧੁੰਦ ਅਤੇ ਠੰਢ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆਈ। ਇਸ ਆਪਰੇਸ਼ਨ ਦੌਰਾਨ ਤਿੰਨ ਬਚਾਅ ਕਰਮਚਾਰੀ ਗਾਇਬ ਹੋ ਗਏ ਹਨ।
ਈਰਾਨ ਦੇ ਪ੍ਰਮੁੱਖ ਅਖ਼ਬਾਰ ਤਹਿਰਾਨ ਟਾਈਮਜ਼ ਅਤੇ ਈਰਾਨ ਇੰਟਰਨੈਸ਼ਨਲ (ਅੰਗਰੇਜ਼ੀ ਐਡੀਸ਼ਨ) ਦੀਆਂ ਰਿਪੋਰਟਾਂ ਨੇ ਹੈਲੀਕਾਪਟਰ ਦੇ ਮਲਬੇ ਦੀ ਖੋਜ ਦੀ ਪੁਸ਼ਟੀ ਕੀਤੀ ਹੈ। ਈਰਾਨ ਦੇ ਸਰਕਾਰੀ ਮੀਡੀਆ ਆਈਆਰਐਨਏ ਦੇ ਅਨੁਸਾਰ, ਰਇਸੀ 19 ਮਈ ਦੀ ਸਵੇਰ ਨੂੰ ਇੱਕ ਡੈਮ ਦਾ ਉਦਘਾਟਨ ਕਰਨ ਲਈ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਦੇ ਨਾਲ ਗਏ ਸਨ। ਵਾਪਸ ਪਰਤਦੇ ਸਮੇਂ ਇਹ ਹਾਦਸਾ ਅਜ਼ਰਬਾਈਜਾਨ ਦੀ ਸਰਹੱਦ ਨੇੜੇ ਈਰਾਨ ਦੇ ਵਰਜ਼ੇਘਨ ਸ਼ਹਿਰ ਵਿੱਚ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਦੇ ਰਾਸ਼ਟਰਪਤੀ ਰਇਸੀ ਅਮਰੀਕਾ ਦੇ ਬਣੇ ਬੇਲ 212 ਹੈਲੀਕਾਪਟਰ ‘ਤੇ ਯਾਤਰਾ ਕਰ ਰਹੇ ਸਨ। ਦੋ ਬਲੇਡ ਵਾਲਾ ਇਹ ਏਅਰਕ੍ਰਾਫਟ ਮੱਧਮ ਆਕਾਰ ਦਾ ਹੈਲੀਕਾਪਟਰ ਹੈ। ਇਸ ਵਿੱਚ ਪਾਇਲਟ ਸਮੇਤ 15 ਲੋਕ ਬੈਠ ਸਕਦੇ ਹਨ। ਰਾਸ਼ਟਰਪਤੀ ਰਇਸੀ, ਵਿਦੇਸ਼ ਮੰਤਰੀ ਹੁਸੈਨ ਤੋਂ ਇਲਾਵਾ, ਹੈਲੀਕਾਪਟਰ ਵਿੱਚ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਗਵਰਨਰ ਮਲਿਕ ਰਹਿਮਤੀ, ਤਬਰੀਜ਼ ਦੇ ਇਮਾਮ ਮੁਹੰਮਦ ਅਲੀ ਅਲੀਹਾਸ਼ੇਮ, ਇੱਕ ਪਾਇਲਟ, ਸਹਿ-ਪਾਇਲਟ, ਚਾਲਕ ਦਲ ਦੇ ਮੁਖੀ, ਸੁਰੱਖਿਆ ਮੁਖੀ ਅਤੇ ਬਾਡੀਗਾਰਡ ਸ਼ਾਮਲ ਸਨ।
ਈਰਾਨ ਦੇ ਪ੍ਰਮੁੱਖ ਅਖਬਾਰ ‘ਇਰਾਨ ਇੰਟਰਨੈਸ਼ਨਲ (ਅੰਗਰੇਜ਼ੀ ਐਡੀਸ਼ਨ)’ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ‘ਤੇ ‘ਜੀਵਨ ਦਾ ਕੋਈ ਸੰਕੇਤ ਨਹੀਂ ਮਿਲਿਆ’। ਈਰਾਨ ਦੇ ਰੈੱਡ ਕ੍ਰੀਸੈਂਟ ਦੇ ਮੁਖੀ ਪੀਰ-ਹੁਸੈਨ ਕੋਲੀਵੰਡ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਹੁਣ ਤੱਕ ਹਾਦਸੇ ਵਾਲੀ ਥਾਂ ‘ਤੇ “ਜੀਵਨ ਦਾ ਕੋਈ ਸੰਕੇਤ ਨਹੀਂ” ਮਿਲਿਆ ਹੈ। ਬਚਾਅ ਦਲ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਮਲਬਾ ਮਿਲਿਆ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਹੈ ਕਿ ਹਾਦਸੇ ਵਿਚ ਈਰਾਨੀ ਰਾਸ਼ਟਰਪਤੀ ਦਾ ਹੈਲੀਕਾਪਟਰ ਪੂਰੀ ਤਰ੍ਹਾਂ ਸੜ ਗਿਆ।
ਇਕ ਈਰਾਨੀ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਉਮੀਦਾਂ ਧੂਮਿਲ ਹੁੰਦੀਆਂ ਜਾ ਰਹੀਆਂ ਹਨ। “ਹਾਦਸੇ ਵਿੱਚ ਰਾਸ਼ਟਰਪਤੀ ਰਇਸੀ ਦਾ ਹੈਲੀਕਾਪਟਰ ਪੂਰੀ ਤਰ੍ਹਾਂ ਸੜ ਗਿਆ… ਬਦਕਿਸਮਤੀ ਨਾਲ ਸਾਰਿਆਂ ਦੀ ਮੌਤ ਦਾ ਖਦਸ਼ਾ ਹੈ।”
ਹਿੰਦੂਸਥਾਨ ਸਮਾਚਾਰ