ਹਰਿਆਣਾ ਦੇ ਨੂਹ ‘ਚ ਕੁੰਡਲੀ ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਦੇਰ ਰਾਤ 2 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ, ਜਿਸਦੇ ਚੱਲਦਿਆਂ ਇਸ ਹਾਦਸੇ ‘ਚ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਉਥੇ ਕਈ ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ‘ਤੇ ਪੁੱਜ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਪੁਲਿਸ ਅਨੁਸਾਰ ਬੱਸ ਵਿੱਚ ਸਵਾਰ ਸਾਰੇ ਲੋਕ ਪੰਜਾਬ ਅਤੇ ਚੰਡੀਗੜ੍ਹ ਦੇ ਵਸਨੀਕ ਹਨ। ਇਹ ਲੋਕ ਮਥੁਰਾ ਅਤੇ ਵਰਿੰਦਾਵਨ ਜਾਣ ਲਈ ਬੱਸ ਰਾਹੀਂ ਆਏ ਸਨ ਅਤੇ ਜਦੋਂ ਇਹ ਸ਼ਰਧਾਲੂ ਵਾਪਸ ਜਲੰਧਰ ਜਾ ਰਹੇ ਸਨ ਤਾਂ ਐਕਸਪ੍ਰੈਸ ਵੇਅ ‘ਤੇ ਇਹ ਹਾਦਸਾ ਵਾਪਰ ਗਿਆ। ਪੁਲਿਸ ਅਧਿਕਾਰੀ ਮੁਤਾਬਕ ਇਸ ਪੂਰੇ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।