Italy Floods: ਇਟਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਇਟਲੀ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਨੇ ਪਿਛਲੇ 170 ਸਾਲਾਂ ਦਾ ਰਿਕਾਰਡ ਤੋੜਿਆ ਹੈ। ਜਿਸ ਨਾਲ ਇਟਲੀ ਦੇ ਸੂਬਾ ਲੰਬਰਦੀਆ, ਵੇਨੇਤੋ ਤੇ ਇਮੀਲੀਆ ਰੋਮਾਨਾ ਦਾ ਜਨਜੀਵਤ ਪ੍ਰਭਾਵਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੀਂਹ ਨਾਲ ਕਈ ਸੜਕਾਂ ‘ਤੇ ਪਾਣੀ ਭਰ ਗਿਆ ਹੈ।
ਮੀਂਹ ਦਾ ਪਾਣੀ ਸਕੂਲਾਂ ਵਿੱਚ ਵੀ ਵੜ ਜਾਣ ਦੀ ਖਬਰਾਂ ਸਾਹਮਣੇ ਆਈਆਂ ਹਨ। ਪ੍ਰਸ਼ਾਸ਼ਨ ਦੁਆਰਾ ਬੜੀ ਮੁਸਤੈਦੀ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਲੰਬਾਰਦੀਆਂ ਅਤੇ ਹੋਰ ਸੂਬਿਆਂ ਦੀਆਂ ਨਦੀਆਂ ਵਿੱਚ ਪਾਣੀ ਦਾ ਵਹਾਅ ਬੇਹੱਦ ਵਧਿਆ ਹੋਇਆ ਹੈ। ਇਟਲੀ ਦੇ ਮੁੱਖ ਹਾਈਵੇ ਏ-4 ਤੇ ਵੀ ਕਈ ਜਗ੍ਹਾ ਪਾਣੀ ਭਰਿਆ ਵੇਖਿਆ ਗਿਆ ਹੈ।
ਇਸ ਹੜ੍ਹ ਵਰਗੇ ਹਾਲਾਤ ਵਿੱਚ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆ ਕੇ ਹੈਲੀਕਾਪਟਰ ਅਤੇ ਐਂਬੂਲੈਂਸਾਂ ਦੇ ਨਾਲ ਪਹੁੰਚ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਪਰ ਲੋਕ ਫਿਰ ਵੀ ਘਬਰਾਏ ਹੋਏ ਨਜ਼ਰ ਜਾ ਰਹੇ ਹਨ। ਇਸ ਭਾਰੀ ਮੀਂਹ ਨਾਲ ਲੋਕਾਂ ਦੇ ਘਰਾਂ ਤੇ ਕਾਰੋਬਾਰ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਲੋਕ ਇਨ੍ਹਾਂ ਹਲਾਤ ਨਾਲ ਜੂਝਦੇ ਨਜ਼ਰ ਆ ਰਹੇ ਹਨ। ਜੇ ਆਉਣ ਵਾਲੇ ਦਿਨਾਂ ਵਿਚ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ, ਲੋਕਾਂ ਦੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ।