ਮਸ਼ਹੂਰ TV ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ‘ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਗੁਰੂਚਰਨ ਸਿੰਘ ਪਿਛਲੇ 25 ਦਿਨਾਂ ਤੋਂ ਲਾਪਤਾ ਸਨ। ਹਾਲ ਹੀ ‘ਚ ਹੁਣ ਇਸ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਗੁਰੂਚਰਨ ਸਿੰਘ ਖ਼ੁਦ ਘਰ ਵਾਪਸ ਆ ਗਏ ਹਨ। ਜਾਣਕਾਰੀ ਮੁਤਾਬਕ ਉਹ ਵੱਖ-ਵੱਖ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਠਹਿਰ ਰਹੇ ਸਨ। ਪਰ ਜਦੋਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਤੁਰੰਤ ਵਾਪਸ ਘਰ ਆ ਗਏ
ਜ਼ਿਕਰਯੋਗ ਹੈ ਕਿ ਗੁਰੂਚਰਨ ਸਿੰਘ 22 ਅਪ੍ਰੈਲ ਨੂੰ ਘਰੋਂ ਮੁੰਬਈ ਲਈ ਰਵਾਨਾ ਹੋਏ ਸਨ, ਪਰ ਉਹ ਉੱਥੇ ਨਾ ਪੁੱਜੇ, ਜਿਸ ਤੋਂ ਬਾਅਦ 26 ਅਪ੍ਰੈਲ ਨੂੰ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ। ਗੁਰੂਚਰਨ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਇਸ ਬਾਰੇ ਸ਼ਿਕਾਇਤ ਪੁਲਿਸ ਸਟੇਸ਼ਨ ਵਿਖੇ ਦਰਜ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਬਾਰੇ ਕੋਈ ਸੂਹ ਨਾ ਲੱਗ ਸਕੀ।