ਅੰਮ੍ਰਿਤਸਰ: ਦਿੱਲੀ ਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੀਰਵਾਰ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ ’ਤੇ ਹਨ। ਕੇਜਰੀਵਾਲ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਸ਼੍ਰੀ ਰਾਮ ਤੀਰਥ ਦੇ ਦਰਸ਼ਨ ਕਰਨ ਵਾਲੇ ਸਨ, ਪਰ ਆਖਰੀ ਸਮੇਂ ‘ਤੇ ਉਨ੍ਹਾਂ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ। ਹੁਣ ਉਹ ਕੁਝ ਘੰਟਿਆਂ ਵਿੱਚ ਅੰਮ੍ਰਿਤਸਰ ਤੋਂ ਸਿੱਧੇ ਦਿੱਲੀ ਲਈ ਰਵਾਨਾ ਹੋਣਗੇ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਅਤੇ ਕਰਤਾਰਪੁਰ ‘ਚ ਰੋਡ ਸ਼ੋਅ ਲਈ ਰਵਾਨਾ ਹੋਣਗੇ। ਬੀਤੀ ਰਾਤ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਹੋਰ ਲੀਡਰਸ਼ਿਪ ਨਾਲ ਵੀ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਚੋਣ ਪ੍ਰਚਾਰ ਦਾ ਜਾਇਜ਼ਾ ਲਿਆ, ਪੰਜਾਬ ਦੀਆਂ 13 ਸੀਟਾਂ ਦਾ ਲੇਖਾ-ਜੋਖਾ ਕੀਤਾ ਅਤੇ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਮੁੜ ਪੰਜਾਬ ਦਾ ਦੌਰਾ ਕਰਨ ਦੀ ਯੋਜਨਾ ਬਣਾਈ।
ਇਸ ਦੌਰਾਨ ਕੇਜਰੀਵਾਲ ਰਾਤ ਅੰਮ੍ਰਿਤਸਰ ਵਿੱਚ ਹੀ ਰਹੇ। ਸੀ. ਐਮ. ਮਾਨ ਵੀ ਉਨ੍ਹਾਂ ਦੇ ਨਾਲ ਰਹੇ। ਸ਼ਾਮ ਨੂੰ ਪੰਜਾਬ ਤੋਂ ਜ਼ਿਆਦਾਤਰ ਉਮੀਦਵਾਰਾਂ ਨੂੰ ਅੰਮ੍ਰਿਤਸਰ ਬੁਲਾਇਆ ਗਿਆ ਸੀ। ਜਿੱਥੇ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਕਿਹੜੀ ਰਣਨੀਤੀ ਅਪਣਾਈ ਜਾਵੇ ਇਸ ਬਾਰੇ ਵੀ ਚਰਚਾ ਕੀਤੀ ਗਈ।
ਆਉਣ ਵਾਲੇ ਦਿਨਾਂ ‘ਚ ਕਾਂਗਰਸ ਅਤੇ ਭਾਜਪਾ ਦੇ ਦਿੱਗਜ ਨੇਤਾ ਪੰਜਾਬ ਦੌਰੇ ‘ਤੇ ਹੋਣਗੇ। ਇਸ ਸਥਿਤੀ ਨਾਲ ਨਜਿੱਠਣ ਲਈ ਵੀ ਵਿਚਾਰ ਕੀਤਾ ਗਿਆ । ਅਰਵਿੰਦ ਕੇਜਰੀਵਾਲ ਨੇ ਸਾਰੇ ਉਮੀਦਵਾਰਾਂ ਨੂੰ 25 ਮਈ ਨੂੰ ਦਿੱਲੀ ਵਿੱਚ ਵੋਟਿੰਗ ਤੋਂ ਬਾਅਦ ਆਉਣ ਦਾ ਵਾਅਦਾ ਕੀਤਾ ਹੈ।
ਦਸ ਦਇਏ ਕਿ ਕੇਜਰੀਵਾਲ ਵੀਰਵਾਰ ਦੁਪਹਿਰ ਕਰੀਬ 2 ਵਜੇ ਅੰਮ੍ਰਿਤਸਰ ਪੁੱਜੇ ਸਨ। ਇਸ ਤੋਂ ਬਾਅਦ ਉਹ ਸਿੱਧੇ ਹੋਟਲ ਗਏ ਅਤੇ ਉਥੋਂ ਮੱਥਾ ਟੇਕਣ ਲਈ ਹਰਿਮੰਦਰ ਸਾਹਿਬ ਪਹੁੰਚੇ। ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਨਾ ਤੀਰਥ ਦਾ ਵੀ ਉਹਨਾਂ ਨੇ ਦੌਰਾ ਕੀਤਾ।