ਨਵੀਂ ਦਿੱਲੀ: ਦਿੱਲੀ ਭਾਜਪਾ(BJP)ਮਹਿਲਾ ਮੋਰਚਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ. ਆਮ ਆਦਮੀ ਪਾਰਟੀ(AAP) ਦੀ ਮਹਿਲਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨਾਲ ਦੁਰਵਿਵਹਾਰ ਖ਼ਿਲਾਫ਼ ਮੁਜਾਹਰਾ ਕੀਤਾ।
ਆਮ ਆਦਮੀ ਪਾਰਟੀ (AAP) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ (BJP)ਮਹਿਲਾ ਮੋਰਚਾ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਭਾਜਪਾ ਮਹਿਲਾ ਮੋਰਚਾ ਦੀਆਂ ਮੈਂਬਰ ਸਵੇਰੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ (6 ਫਲੈਗ ਸਟਾਫ ਰੋਡ, ਸਿਵਲ ਲਾਈਨ) ‘ਤੇ ਚੂੜੀਆਂ ਲੈ ਕੇ ਪਹੁੰਚੀਆਂ ਅਤੇ ਪ੍ਰਦਰਸ਼ਨ ਕੀਤਾ। ਉਹ ਕੇਜਰੀਵਾਲ ਦੀ ਰਿਹਾਇਸ਼ ‘ਤੇ ਪਹੁੰਚਣਾ ਚਾਹੁੰਦੀਆਂ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ।
‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਹਨ। ਉਨ੍ਹਾਂ ਨੇ ਮੁੱਖ ਮੰਤਰੀ ਦੇ ਨਿੱਜੀ ਸਹਾਇਕ ਵਿਭਵ ਕੁਮਾਰ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਭਾਜਪਾ ਮਹਿਲਾ ਮੋਰਚਾ ਨੇਤਾਵਾਂ ਨੇ ਕੇਜਰੀਵਾਲ ‘ਤੇ ਵਿਭਵ ਨੂੰ ਬਚਾਉਣ ਦਾ ਦੋਸ਼ ਲਗਾਇਆ ਹੈ। ਮਹਿਲਾ ਮੋਰਚਾ ਦੇ ਮੈਂਬਰਾਂ ਨੇ ਕਿਹਾ ਕਿ ਕੇਜਰੀਵਾਲ ਔਰਤਾਂ ਨੂੰ ਸੁਰੱਖਿਆ ਦੇਣ ਵਿੱਚ ਅਸਫਲ ਰਹੇ ਹਨ। ਇੱਕ ਮਹਿਲਾ ਸੰਸਦ ਮੈਂਬਰ ਦੀ ਉਨ੍ਹਾਂ ਦੀ ਰਿਹਾਇਸ਼ ‘ਤੇ ਕੁੱਟਮਾਰ ਹੁੰਦੀ ਹੈ ਅਤੇ ਉਹ ਚੁੱਪ ਧਾਰੀ ਬੈਠੇ ਹਨ।
(BJP) ਮਹਿਲਾ ਮੋਰਚਾ ਨੇ ਕਿਹਾ ਕਿ ਕੇਜਰੀਵਾਲ ਨੂੰ ਹੁਣ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਔਰਤ ਵਿਰੋਧੀ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਇੱਕ ਮੁੱਖ ਮੰਤਰੀ ਦਾ ਫਰਜ਼ ਬਣਦਾ ਹੈ ਕਿ ਉਹ ਦਿੱਲੀ ਦੀਆਂ ਔਰਤਾਂ ਲਈ ਆਪਣੀ ਆਵਾਜ਼ ਬੁਲੰਦ ਕਰੇ ਪਰ ਅੱਜ ਉਹ ਆਪਣੀ ਰਾਜ ਸਭਾ ਮੈਂਬਰ ਲਈ ਆਵਾਜ਼ ਉਠਾਉਣ ਦੀ ਥਾਂ ਉਲਟਾ ਮਹਿਲਾ ਰਾਜ ਸਭਾ ਮੈਂਬਰ ‘ਤੇ ਦਬਾਅ ਪਾ ਰਿਹਾ ਹੈ, ਜਿਸ ਨਾਲ ਉਸ ਨੇ ਦੁਰਵਿਹਾਰ ਕੀਤਾ ਸੀ।