ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਪਾਸੇ ਜਿੱਥੇ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ ਤਾਂ ਉੱਥੇ ਹੀ ਦੂਜੇ ਪਾਸੇ ਉਹ ਇੱਕ ਨਵੇਂ ਵਿਵਾਦ ਵਿੱਚ ਵੀ ਘਿਰ ਗਏ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਸਾਬਕਾ ਸੀਐਮ ਚੰਨੀ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਚੰਨੀ ਪਹਿਲਾਂ ਬੀਬੀ ਜਗੀਰ ਕੌਰ ਨੂੰ ਪੈਰੀ ਪੈਂਦੇ ਹਨ ਤੇ ਫਿਰ ਜਾਣ ਵੇਲੇ ਉਨ੍ਹਾਂ ਦੀ ਠੋਡੀ ਨੂੰ ਹੱਥ ਲਾਉਂਦੇ ਹਨ। ਇਸ ਵਿਡੀਉ ਨੂੰ ਲੈ ਕੇ ਸਾਬਕਾ CM ਚੰਨੀ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਸਪੱਸ਼ਟੀਕਰਨ ਦਿੱਤਾ ਹੈ।
ਬੀਬੀ ਜਗੀਰ ਕੌਰ ਦਾ ਸਪੱਸ਼ਟੀਕਰਨ
ਬੀਬੀ ਜਗੀਰ ਕੌਰ ਨੇ ਕਿਹਾ ਕਿ 10 ਮਈ 2024 ਨੂੰ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉਥੇ ਸਾਬਕਾ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਕਾਗਜ਼ ਦਾਖ਼ਲ ਕਰਵਾਉਣ ਲਈ ਜਾ ਰਹੇ ਸਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਆਹਮੋ-ਸਾਹਮਣੇ ਹੋਣ ‘ਤੇ ਸਾਰੇ ਆਗੂਆਂ ਨੇ ਬਹੁਤ ਹੀ ਅਦਬ ਤੇ ਸਤਿਕਾਰ ਸਹਿਤ ਫਤਿਹੇ ਬੁਲਾਈ।
ਉਨ੍ਹਾਂ ਕਿਹਾ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਝੁਕ ਕੇ ਫਤਿਹੇ ਸਾਂਝੀ ਕੀਤੀ ਤੇ ਮੇਰੇ ਦੋਵੇਂ ਹੱਥ ਫੜ ਕੇ ਸਤਿਕਾਰ ਨਾਲ ਆਪਣੇ ਮੱਥੇ ਨੂੰ ਲਾਏ ਸਨ। ਇਸੇ ਖੁਸ਼ਗਵਾਰ ਤੇ ਸਤਿਕਾਰ ਵਾਲੇ ਮਾਹੌਲ ਵਿਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਹੱਥ ਲਾਇਆ ਤੇ ਇਸ ਸਾਰੇ ਘਟਨਾਕ੍ਰਮ ਨੂੰ ਮੈਂ ਸਤਿਕਾਰ ਵਾਲੀ ਸਮੁੱਚਦਾ ਵੀ ਹੀ ਵੇਖਦੀ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਰ ਦੁੱਖ ਦੀ ਗੱਲ ਤਾਂ ਇਹ ਹੈ ਲੋਕਾਂ ਵੱਲੋਂ ਇਸ ਵਿਡੀਉ ਨੂੰ ਸੋਸ਼ਲ ਮੀਡੀਆ ‘ਤੇ ਵਾਈਰਲ ਕਰ ਦਿੱਤਾ ਗਿਆ ਤੇ ਚੰਨੀ ਵੱਲੋਂ ਮੇਰੇ ਪ੍ਰਤੀ ਝੁਕ ਕੇ ਪ੍ਰਗਟਾਏ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਤੇ ਬਾਕੀ ਦੀ ਛੋਟੀ ਜਿਹੀ ਕਲਿਪ ਚਲਾ ਕੇ ਇਸ ਨੂੰ ਹੱਦੋਂ ਵਧ ਤੂਲ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਅੱਗੇ ਕਿਹਾ ਕਿ ਇਹ ਮੇਰੇ ਲਈ ਮੇਰੇ ਪਰਿਵਾਰ ਲਈ ਤੇ ਮੇਰੇ ਸ਼ੁੱਭ ਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਤੇ ਕਸ਼ਟਦਾਇਕ ਹੈ।
ਚਰਨਜੀਤ ਚੰਨੀ ਦਾ ਸਪੱਸ਼ਟੀਕਰਨ
ਚੰਨੀ ਨੇ ਸ਼ਨੀਵਾਰ ਨੂੰ ਉਕਤ ਵੀਡੀਓ ਨੂੰ ਲੈ ਕੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ, ਉਹ ਬੀਬੀ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਹਨ। ਚੰਨੀ ਨੇ ਕਿਹਾ, ਤੁਸੀਂ ਵੇਖਿਆ ਹੋਵੇਗਾ ਕਿ ਪਹਿਲਾਂ ਮੈਂ ਆਪਣੀ ਵੱਡੀ ਭੈਣ ਵਾਂਗ ਉਨ੍ਹਾਂ ਨੂੰ ਮੱਥਾ ਟੇਕਿਆ, ਮੈਂ ਉਸ ਦਾ ਹੱਥ ਆਪਣੇ ਮੱਥੇ ‘ਤੇ ਲਾਇਆ ਅਤੇ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ, ‘ਮੈਂ ਸਾਲਾਂ ਤੋਂ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ, ਆਪਣੀ ਮਾਂ ਸਮਝਦਾ ਆ ਰਿਹਾ ਹਾਂ ਅਤੇ ਇਸੇ ਲਈ ਮੈਂ ਉਨ੍ਹਾਂ ਅੱਗੇ ਬਹੁਤ ਸਤਿਕਾਰ ਨਾਲ ਸਿਰ ਝੁਕਾਉਂਦਾ ਹਾਂ। ਉਹ ਮੇਰੇ ਲਈ ਮੇਰੀ ਵੱਡੀ ਭੈਣ ਵਰਗੀ ਹੈ।’
ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਲੈ ਕੇ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਗੰਭੀਰ ਨੋਟਿਸ ਲੈਂਦਿਆ, ਪੰਜਾਬ ਦੇ ਡੀਜੀਪੀ ਤੋਂ 14 ਮਈ 2024 ਭਾਵ ਅੱਜ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਮੰਗੀ ਹੈ। ਮਹਿਲਾ ਕਮਿਸ਼ਨ ਨੇ ਕਿਹਾ, ਬੀਬੀ ਜਗੀਰ ਕੌਰ ਇੱਕ ਅਹਿਮ ਸ਼ਖਸ਼ੀਅਤ ਹਨ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ, ਉਹਨਾਂ ਨਾਲ ਕੀਤੀ ਗਈ ਅਜਿਹੀ ਹਰਕਤ ਬੇਹੱਦ ਘਿਨਊਣੀ ਹਰਕਤ ਹੈ, ਇਸ ‘ਤੇ ਕਾਰਵਾਈ ਬਣਦੀ ਹੈ।