ਪੰਜਾਬ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਨਵਾਂ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ। ਰੂਪਨਗਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ ਵਿੱਚ ਮੰਗਲਵਾਰ ਰਾਤ ਚਾਰ ਨਕਾਬਪੋਸ਼ ਲੁਟੇਰੇ ਦੁਕਾਨ ‘ਚ ਵੜ ਕੇ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਦੱਸ ਦਈਏ ਕਿ ਇਹ ਪੂਰੀ ਘਟਨਾ ਉੱਥੇ ਲੱਗੇ CCTV ਕੈਮਰੇ ‘ਚ ਵੀ ਕੈਦ ਹੋ ਗਈ। ਹੁਣ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ?
ਦੱਸ ਦਈਏ ਕਿ ਪਿੰਡ ਨੂਰਪੁਰ ਬੇਦੀ ਦੇ ਟੀ ਪੁਆਇੰਟ ਚੌਕ ਸਥਿਤ ਜੋਸ਼ੀ ਕਮਿਊਨੀਕੇਸ਼ਨ ਦਾ ਮਾਲਕ ਮਨੋਜ ਜੋਸ਼ੀ ਮੰਗਲਵਾਰ ਰਾਤ ਕਰੀਬ 10.20 ਵਜੇ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਇਸੇ ਦੌਰਾਨ ਚਾਰ ਨਕਾਬਪੋਸ਼ ਲੁਟੇਰੇ ਦੁਕਾਨ ਅੰਦਰ ਦਾਖਲ ਹੋ ਗਏ। ਇਸ ਤੋਂ ਪਹਿਲਾਂ ਕਿ ਦੁਕਾਨਦਾਰ ਕੁਝ ਸਮਝਦਾ, ਲੁਟੇਰਿਆਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਦੁਕਾਨ ਦਾ ਸ਼ਟਰ ਢਾਹ ਦਿੱਤਾ। ਦੁਕਾਨਦਾਰ ਨੇ ਬਹਾਦਰੀ ਨਾਲ ਚਾਰ ਲੁਟੇਰਿਆਂ ਨੂੰ ਪਿੱਛੇ ਧੱਕ ਦਿੱਤਾ ਅਤੇ ਕਿਸੇ ਤਰ੍ਹਾਂ ਲੁਟੇਰਿਆਂ ਵੱਲੋਂ ਬੰਦ ਕੀਤਾ ਸ਼ਟਰ ਖੋਲ੍ਹ ਕੇ ਬਾਹਰ ਨਿਕਲਿਆ। ਉਸਨੇ ਬਾਹਰ ਨਿਕਲ ਕੇ ਰੌਲਾ ਪਾਇਆ। ਇਸ ਤੋਂ ਪਹਿਲਾਂ ਕਿ ਲੋਕ ਇਕੱਠੇ ਹੁੰਦੇ, ਚਾਰ ਨਕਾਬਪੋਸ਼ ਲੁਟੇਰੇ ਦੁਕਾਨ ਤੋਂ ਨਕਦੀ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ।