ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਐਕਸਾਈਜ਼ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ 15 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਫਰੀਦਕੋਟ ਆਬਕਾਰੀ ਵਿਭਾਗ ਦੇ ਏ. ਈ. ਟੀ. ਸੀ. ਵਿਕਰਮ ਠਾਕਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ 2 ਡਵੀਜ਼ਨਾ ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜ ਦੇ ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਨੂੰ ਰੋਕਣ ਦੇ ਮਕਸਦ ਨਾਲ ਮੁਹਿੰਮ ਚਲਾਈ ਗਈ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਲੋਕਾਂ ਵਲੋਂ ਨਹਿਰ ਕੰਢੇ ਦੇਸੀ ਸ਼ਰਾਬ ਦਾ ਕਾਰੋਬਾਰ ਕੀਤਾ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਚੱਲ ਰਹੀ ਤਲਾਸ਼ੀ ਦੌਰਾਨ ਹੁਣ ਤੱਕ 12 ਤਰਪਾਲਾਂ ਸਮੇਤ 15 ਹਜ਼ਾਰ ਦੇ ਕਰੀਬ ਕੱਚੀ ਲਾਹਣ ਬਰਾਮਦ ਹੋ ਚੁੱਕੀ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਦੂਜੇ ਪਾਸੇ ਸਬ ਡਵੀਜ਼ਨ ਲੰਬੀ ਦੇ ਉਪ ਕਪਤਾਨ ਫਤਹਿ ਸਿੰਘ ਨੇ ਦੱਸਿਆ ਕਿ ਫੜ੍ਹੀ ਗਈ ਲਾਹਣ ਦੇ ਮਾਲਕਾਂ ਦੀ ਪਹਿਚਾਣ ਕਰਕੇ ਉਕਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।