2024 ਦੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਟਕਸਾਲੀ ਅਕਾਲੀ ਆਗੂਆਂ ਦੀ ਘਰ ਵਾਪਸੀ ਕਰਾਈ ਜਾ ਰਹੀ ਹੈ। ਬੀਤੇ ਦਿਨੀਂ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਸੀ ਜਿਸ ਤੋਂ ਮਗਰੋਂ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।
14 ਮਾਰਚ ਨੂੰ ਕੀਤਾ ਜਾਵੇਗਾ ਬੀਬੀ ਜਗੀਰ ਕੌਰ ਨੂੰ ਪਾਰਟੀ ‘ਚ ਸ਼ਾਮਲ
ਦਰਅਸਲ ਬੀਬੀ ਜਗੀਰ ਕੌਰ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ ‘ਚੋ ਸਸਪੈਂਡ ਕੀਤਾ ਗਿਆ ਸੀ। ਹਾਲਾਂਕਿ ਜਦੋਂ ਵੀ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ‘ਚ ਵਾਪਸੀ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਹਮੇਸ਼ਾਂ ਇਹ ਕਹਿੰਦੇ ਰਹੇ ਕਿ ਉਹ ਪਾਰਟੀ ਛੱਡ ਕੇ ਨਹੀਂ ਗਏ। ਜਿਸ ਤਰ੍ਹਾਂ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢਿਆ ਗਿਆ ਸੀ, ਉਸੇ ਤਰ੍ਹਾਂ ਹੀ ਪਾਰਟੀ ‘ਚ ਵਾਪਿਸ ਲਿਆਂਦਾ ਜਾਵੇ।
ਇਸ ਸਬੰਧੀ ਜਦੋਂ ਪਾਰਟੀ ਦੇ ਜਨਰਲ ਸਕੱਤਰ ਡਾ ਦਲਜੀਤ ਚੀਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ 14 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਵਿਖੇ ਪੁੱਜਣਗੇ ਅਤੇ ਬੀਬੀ ਜਗੀਰ ਕੌਰ ਨੂੰ ਮੁੜ ਪਾਰਟੀ ‘ਚ ਸ਼ਾਮਲ ਕਰਨਗੇ।