ਹਰਿਆਣਾ ਦੀ ਸਿਆਸਤ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿਚਾਲੇ ਗਠਜੋੜ ਟੁੱਟ ਚੁੱਕਿਆ ਹੈ, ਜਿਸਦਾ ਰਸਮੀ ਐਲਾਨ ਅੱਜ ਚੰਡੀਗੜ੍ਹ ਵਿਖੇ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਕੀਤਾ ਜਾ ਸਕਦਾ ਹੈ. ਅਜਿਹੀ ਸਥਿਤੀ ਵਿੱਚ ਨਵੀਂ ਸਰਕਾਰ ਦਾ ਗਠਨ ਸੰਭਵ ਹੈ। ਇਸ ਤੋਂ ਬਾਅਦ ਸਮੂਹ ਕੈਬਨਿਟ ਅਸਤੀਫ਼ਾ ਦੇ ਦੇਵੇਗੀ।
ਮਿਲੀ ਜਾਣਕਾਰੀ ਮੁਤਾਬਕ ਜੇਜੇਪੀ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲੜ੍ਹਨ ਲਈ ਸੀਟਾਂ ਦੀ ਮੰਗ ਕਰ ਰਹੀ ਸੀ ਜਦਕਿ ਭਾਜਪਾ ਦੀ ਕੌਮੀ ਲੀਡਰਸ਼ਿਪ ਤੇ ਸੂਬਾ ਇਕਾਈ ਸਾਰੀਆਂ 10 ਦੀਆਂ 10 ਸੀਟਾਂ ‘ਤੇ ਚੋਣ ਲੜਨ ਦੇ ਹੱਕ ਵਿੱਚ ਹੈ। ਜੇਜੇਪੀ ਦੇ ਰਾਸ਼ਟਰੀ ਜਨਰਲ ਸਕੱਤਰ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ, ਜਿਸ ਮਗਰੋਂ ਸੀਐਮ ਮਨੋਹਰ ਲਾਲ ਖੱਟਰ ਨੇ ਕੁੱਝ ਸਮੇਂ ਬਾਅਦ ਦੇਰ ਰਾਤ ਨੂੰ ਅਚਾਨਕ ਐਮਰਜੈਂਸੀ ਮੀਟਿੰਗ ਬੁਲਾ ਲਈ।
ਕੀ ਟੁੱਟ ਜਾਏਗੀ ਖੱਟਰ ਸਰਕਾਰ?
ਦੱਸ ਦਈਏ ਕਿ ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚ 41 ਭਾਜਪਾ, 30 ਕਾਂਗਰਸ, 10 ਜੇਜੇਪੀ, 1 ਇਨੈਲੋ, 1 ਐਚਐਲਪੀ ਤੇ 1 ਆਜ਼ਾਦ ਵਿਧਾਇਕ ਸ਼ਾਮਲ ਹੈ। ਬਹੁਮਤ ਲਈ 46 ਵਿਧਾਇਕ ਚਾਹੀਦੇ ਹਨ। ਇਸ ਵੇਲੇ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਵਿੱਚ 41 ਭਾਜਪਾ ਮੈਂਬਰ, 10 ਜੇਜੇਪੀ ਮੈਂਬਰ ਤੇ ਇੱਕ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਵੀ ਸ਼ਾਮਲ ਹੈ। ਜੇਕਰ ਜੇਜੇਪੀ ਗਠਜੋੜ ਤੋੜਦੀ ਹੈ ਤਾਂ ਭਾਜਪਾ ਕੋਲ ਆਪਣੇ 41 ਵਿਧਾਇਕ, 7 ਆਜ਼ਾਦ ਤੇ ਇੱਕ ਹਲੋਪਾ ਵਿਧਾਇਕ ਦਾ ਸਮਰਥਨ ਹੋਏਗਾ। ਅਜਿਹੇ ‘ਚ ਭਾਜਪਾ ਕੋਲ ਬਹੁਮਤ ਦੇ 46 ਦੇ ਅੰਕੜੇ ਤੋਂ 3 ਜ਼ਿਆਦਾ ਸੀਟਾਂ ਬਣਦੀਆਂ ਹਨ।