ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਹੁਣ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਆਪੋ ਆਪਣੇ ਪੱਧਰ ‘ਤੇ ਸੂਬਿਆਂ ਨੂੰ ਖੁਸ਼ ਕਰਨ ‘ਚ ਲੱਗੀਆਂ ਹੋਈਆਂ ਹਨ। ਇਸੇ ਲੜੀ ਤਹਿਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਦੇ ਐਲੀਵੇਟਿਡ ਹਾਈਵੇਅ ਅਤੇ ਸਾਹਨੇਵਾਲ ਫਰੇਟ ਕੋਰੀਡੋਰ ਦਾ ਉਦਘਾਟਨ ਕਰਨਗੇ। ਹੁਣ ਇਸ ਕੋਰੀਡੋਰ ਤੋਂ ਮਾਲ ਗੱਡੀਆਂ 100 ਦੀ ਰਫ਼ਤਾਰ ਨਾਲ ਲੰਘਣਗੀਆਂ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 11 ਮਾਰਚ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ 11,670 ਕਰੋੜ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿੱਚ 31 ਕਿਲੋਮੀਟਰ ਅੰਬਾਲਾ ਚੰਡੀਗੜ੍ਹ ਗ੍ਰੀਨਫ਼ੀਲਡ ਸਪੂਰ ਤੋਂ ਲਾਲੜੂ, 31 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ ਤੋਂ ਡੇਰਾ ਬਾਬਾ ਨਾਨਕ, 43 ਕਿਲੋਮੀਟਰ ਲੰਬੇ ਮੋਗਾ-ਬਾਘਾ ਪੁਰਾਣਾ ਤੋਂ ਬਾਜਾਖਾਣਾ, 47 ਕਿਲੋਮੀਟਰ ਲੰਬੇ 6 ਲੇਨ ਜਲੰਧਰ ਬਾਈਪਾਸ ਗ੍ਰੀਨਫ਼ੀਲਡ, 54 ਕਿਲੋਮੀਟਰ ਅੰਮ੍ਰਿਤਸਰ ਬਠਿੰਡਾ, 62 ਕਿਲੋਮੀਟਰ ਲੰਬੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫ਼ੀਲਡ ਸੈਕਸ਼ਨ, 30 ਕਿਲੋਮੀਟਰ ਲੰਬਾ ਲੁਧਿਆਣਾ-ਬਠਿੰਡਾ ਗ੍ਰੀਨਫ਼ੀਲਡ ਹਾਈਵੇ ਅਤੇ ਦਿੱਲੀ, ਅੰਮ੍ਰਿਤਸਰ ਤੋਂ ਕਟਰਾ ਐਕਸਪ੍ਰੇਸ-ਵੇ ਆਦਿ ਸ਼ਾਮਿਲ ਹਨ, ਜਿਹਨਾਂ ਦੇ ਨੀਂਹ ਪੱਥਰ ਰੱਖੇ ਜਾਣੇ ਹਨ।