ਪੰਜਾਬ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਦੇ ਛੇਵੇਂ ਦਿਨ ਦੀ ਕਾਰਵਾਈ ਦੌਰਾਨ ਅੱਜ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਆਏ ਹਾਰਟ ਅਟੈਕ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਤੰਜ ਕੱਸਿਆ ਗਿਆ। ਦਰਅਸਲ ਵਿਧਾਨ ਸਭਾ ‘ਚ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਸਰਕਾਰੀ ਕੋਠੀਆਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਜਿਹੇ 9 ਲੋਕ ਹਨ, ਜੋ ਅਜੇ ਵੀ ਸਰਕਾਰੀ ਕੋਠੀਆਂ ‘ਚ ਸਮੇਂ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਵੀ ਰਹਿ ਰਹੇ ਹਨ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਸੈਕਟਰ-2 ਵਿਖੇ ਕੋਠੀ ਨੰਬਰ-47 ‘ਚ ਮਨਪ੍ਰੀਤ ਬਾਦਲ ਵੀ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਕੋਠੀ ਛੱਡਣ ਲਈ ਕਈ ਵਾਰ ਚਿੱਠੀਆਂ ਵੀ ਲਿਖੀਆਂ ਗਈਆਂ ਹਨ। ਇਸ ਤੋਂ ਬਾਅਦ ਇਸ ‘ਤੇ ਤੰਜ ਕੱਸਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ, “ਐਨੀਆਂ ਚਿੱਠੀਆਂ ਨਾ ਲਿਖਿਆ ਕਰੋ, ਉਨ੍ਹਾਂ ਵਿਚਾਰਿਆਂ ਨੂੰ ਤਾਂ ਮਾਈਨਰ ਅਟੈਕ ਆ ਗਿਆ ਹੈ ਅਤੇ ਉਹ ਹਸਪਤਾਲ ‘ਚ ਦਾਖ਼ਲ ਹਨ।”
ਦੱਸਣਯੋਗ ਹੈ ਕਿ ਮਨਪ੍ਰੀਤ ਬਾਦਲ ਨੂੰ ਬੀਤੇ ਦਿਨ ਦਿਲ ਦਾ ਦੌਰਾ ਪੈਣ ਮਗਰੋਂ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ। ਇਹ ਵੀ ਪਤਾ ਲੱਗਾ ਸੀ ਕਿ ਡਾਕਟਰਾਂ ਵਲੋਂ ਮਨਪ੍ਰੀਤ ਬਾਦਲ ਦੇ ਦੋ ਸਟੰਟ ਪਾਏ ਗਏ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।