ਚੰਡੀਗੜ੍ਹ
ਪੰਜਾਬ ‘ਚ ਭਾਰਤੀ ਜਨਤਾ
ਪਾਰਟੀ (ਭਾਜਪਾ) ਦੀ ਟਿਕਟ ‘ਤੇ 231 ਲੋਕਾਂ ਨੇ ਆਉਣ
ਵਾਲੀਆਂ ਲੋਕ ਸਭਾ ਚੋਣਾਂ ਲੜਨ ਦਾ ਦਾਅਵਾ ਪੇਸ਼ ਕੀਤਾ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ
ਅਗਵਾਈ ਹੇਠ ਸੂਬਾ ਚੋਣ ਕਮੇਟੀ ਦੀ ਹੋਈ ਮੀਟਿੰਗ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ
ਦੇ ਸੂਬਾ ਇੰਚਾਰਜ ਵਿਜੇ ਰੂਪਾਨੀ ਵਿਸ਼ੇਸ਼ ਸੱਦੇ ਵਜੋਂ ਹਾਜ਼ਰ ਸਨ।ਮੀਟਿੰਗ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ
ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਸੂਬਾ ਇੰਚਾਰਜ ਵਿਜੇ
ਰੂਪਾਨੀ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਅਤੇ ਬਹੁਤ ਸਾਰੇ ਨੌਜਵਾਨਾਂ ਨੇ ਭਾਜਪਾ ਦੀਆਂ
ਟਿਕਟਾਂ ਲਈ ਅਪਲਾਈ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸੂਬੇ ਦੀਆਂ ਸਾਰੀਆਂ ਸੀਟਾਂ ‘ਤੇ ਭਾਜਪਾ ਦਾ
ਪ੍ਰਦਰਸ਼ਨ ਚੰਗਾ ਰਹੇਗਾ।
ਪੰਜਾਬ ਵਿਚ
ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵੀ ਤੇਜ਼ ਹੋ ਰਹੀਆਂ ਹਨ। ਸੂਤਰਾਂ
ਦੀ ਮੰਨੀਏ ਤਾਂ ਇਸ ਸਬੰਧੀ ਦੋਵਾਂ ਧਿਰਾਂ ਦੀ ਮੀਟਿੰਗ ਵੀ ਹੋ ਚੁੱਕੀ ਹੈ। ਹਾਲਾਂਕਿ ਪੰਜਾਬ ਵਿਚ
ਚੱਲ ਰਹੇ ਕਿਸਾਨ ਅੰਦੋਲਨ ਕਾਰਨ ਇਸ ਵਿਚ ਦੇਰੀ ਹੋ ਰਹੀ ਹੈ। ਦੂਜੇ ਪਾਸੇ ਹੁਣ ਵਿਰੋਧੀ ਪਾਰਟੀਆਂ
ਵੀ ਇਸ ਗਠਜੋੜ ਨੂੰ ਲੈ ਕੇ ਮਜ਼ਾਕ ਉਡਾ ਰਹੀਆਂ ਹਨ।
ਕਾਂਗਰਸੀ ਆਗੂ
ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਭਾਜਪਾ ਜਾਣਦੀ ਹੈ ਕਿ ਉਹ ਅਕਾਲੀ ਦਲ ਤੋਂ ਬਿਨਾਂ ਪਿੰਡਾਂ
ਵਿਚ ਨਹੀਂ ਜਾ ਸਕਦੀ। ਅਜਿਹੇ ਵਿਚ ਗਠਜੋੜ ਕਰਨਾ ਦੋਨ੍ਹਾਂ ਪਾਰਟੀਆਂ ਦੀ ਮਜਬੂਰੀ ਹੈ। ਇਸ ਦੇ ਨਾਲ
ਹੀ ਉਨ੍ਹਾਂ ਕਿਹਾ ਕਿ ਦੋਨ੍ਹਾਂ ਪਾਰਟੀਆਂ ਦੇ ਹੱਕ ਵਿਚ ਕੁਝ ਵੀ ਨਹੀਂ ਹੈ। ਭਾਜਪਾ ਦੀਆਂ ਸੀਟਾਂ ‘ਤੇ ਚੋਣ ਲੜਨ ਦੀ
ਇੱਛਾ ਜਤਾਉਣ ਵਾਲੇ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਹਰ ਸੀਟ ‘ਤੇ ਕਰੀਬ 17-18 ਲੋਕਾਂ ਵਿਚਾਲੇ
ਟਿਕਟਾਂ ਦੀ ਲੜਾਈ ਹੈ।
ਹਾਲਾਂਕਿ ਪਾਰਟੀ
ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਟਿਕਟ ਦੀ ਦੌੜ ਵਿਚ ਕੋਣ-ਕੋਣ ਸ਼ਾਮਿਲ ਹਨ। 2019 ਦੀਆਂ ਲੋਕ ਸਭਾ
ਚੋਣਾਂ ਵਿੱਚ ਭਾਜਪਾ ਨੇ ਦੋ ਸੀਟਾਂ ਜਿੱਤੀਆਂ ਸਨ। ਗੁਰਦਾਸਪੁਰ ਤੋਂ ਅਭਿਨੇਤਾ ਸੰਨੀ ਦਿਓਲ ਅਤੇ
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਭਾਜਪਾ ਦੀ ਟਿਕਟ ‘ਤੇ ਜਿੱਤ ਕੇ ਲੋਕ ਸਭਾ ਪੁੱਜੇ ਸਨ।