ਇੱਕ ਮਾਰਚ ਤੋਂ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ. ਅੱਜ ਵਿਧਾਨ ਸਭਾ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਗਿਆ. ਸਾਲ 2024-25 ਲਈ ਪੇਸ਼ ਕੀਤਾ ਗਿਆ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਵੱਧ ਗਿਆ ਹੈ। ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਪਿਛਲੇ 2 ਸਾਲਾਂ ਦੀ ਰੀਪੋਰਟ ਸਾਂਝੀ ਕਰਦੇ ਹੋਏ ਸ਼ਾਇਰਾਨਾ ਅੰਦਾਜ਼ ਵਿਚ ਕਿਹਾ, ‘ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਲ ਪੇ ਨਜ਼ਰ ਹੈ, ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ’।
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਭਾਸ਼ਣ ਪੜ੍ਹਦਿਆਂ ਸੂਬੇ ‘ਚ ਚੱਲ ਰਹੀ ਮੁਫ਼ਤ ਬੱਸ ਯਾਤਰਾ ਲਈ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਇਸ ਬਾਰੇ ਐਲਾਨ ਕਰਦੇ ਹੋਏ ਕਿਹਾ ਕਿ ਇਹ ਯੋਜਨਾ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸੂਬੇ ਦੀਆਂ ਵੱਡੀ ਗਿਣਤੀ ‘ਚ ਔਰਤਾਂ ਮੁਫ਼ਤ ਬੱਸ ਯਾਤਰਾ ਦਾ ਲਾਭ ਲੈ ਰਹੀਆਂ ਹਨ। ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ਵਿੱਤੀ ਸਾਲ 2024-25 ਲਈ ਇਸ ਸੇਵਾ ਨੂੰ ਜਾਰੀ ਰੱਖਣ ਲਈ 450 ਕਰੋੜ ਰੁਪਏ ਦਾ ਰਾਖਵਾਂਕਰਨ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ‘ਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਵਾਇਆ ਜਾ ਰਿਹਾ ਹੈ।