ਪੰਜਾਬ ਦੇ ਲੋਕਾਂ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਵਿੱਤੀ ਵਰ੍ਹੇ ਸਾਲ 2024-25 ਲਈ ਪੰਜਾਬ ਸਰਕਾਰ ਆਪਣਾ ਸਲਾਨਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਹ ਬਜਟ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰਨਗੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੂਬੇ ‘ਤੇ ਵੱਧ ਰਹੇ ਕਰਜ਼ੇ ਦੀ ਹੋਵੇਗੀ। ਸੂਬੇ ਸਿਰ ਇਸ ਸਮੇਂ 3.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਚੋਣਾਂ ਵਾਲਾ ਸਾਲ ਹੋਣ ਕਰਕੇ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ। ਦੱਸ ਦਇਏ ਕਿ ਖ਼ਜਾਨਾ ਮੰਤਰੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਹ ਬਜਟ ਪੰਜਾਬ ਦੀ ਸੱਭਿਆਚਾਰ ਵਿੱਚ ਰੰਗਿਆ ਦਿਖਾਈ ਦੇ ਰਿਹਾ ਹੈ। ਬਜਟ ਉੱਪਰ ਫੁੱਲਕਾਰੀ ਵਰਗਾ ਕੱਪੜਾ ਲਗਾਇਆ ਗਿਆ ਹੈ।
ਦੱਸਣਯੋਗ ਹੈ ਕਿ ਵਿਧਾਨਸਭਾ ਦੇ ਇਜਲਾਸ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀਧਿਰ ਦੇ ਆਗੂ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਸੀ। ਕਾਂਗਰਸ ਵੱਲੋਂ ਕਿਸਾਨੀ ਅੰਦੋਲਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਸਦਨ ਵਿੱਚ ਚਰਚਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਮੁੱਖ ਮੰਤਰੀ ਨੇ ਕਾਂਗਰਸ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਕਿਸੇ ਨੇ ਕਿਸਾਨਾਂ ਤੇ ਚਰਚਾ ਨਹੀਂ ਕੀਤੀ। ਜਿਸ ਤੋਂ ਬਾਅਦ ਦੋਵੇ ਪਾਰਟੀਆਂ ਦੇ ਵਿਚਾਲੇ ਬਹਿਸਬਾਜ਼ੀ ਹੋਈ।