ਪੰਜਾਬ ਪੁਲਿਸ ਤੋਂ ਬਰਖਾਸਤ ਕੀਤੇ AIG ਰਾਜਜੀਤ ਸਿੰਘ ਹੁੰਦਲ ਖਿਲਾਫ ਸਪੈਸ਼ਲ ਟਾਸਕ ਫੋਰਸ (STF) ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਚੱਲਦੇ STF ਨੇ ਮੁਲਜ਼ਮ ਰਾਜਜੀਤ ਅਤੇ ਉਨ੍ਹਾਂ ਦੀ ਪਤਨੀ ਦੇ ਦੋ ਤੋਂ ਤਿੰਨ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ, ਇਨ੍ਹਾਂ ਬੈਂਕ ਖਾਤਿਆਂ ਰਾਹੀਂ ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਸੀ। ਇਸਦੇ ਨਾਲ ਹੀ STF ਨੇ ਮੁਲਜ਼ਮ ਰਾਜਜੀਤ ਦੀ 20 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।
ਇਸ ਜ਼ਬਤ ਕੀਤੀ ਜਾਇਦਾਦ ਦਾ ਵੇਰਵਾ ਵੀ ਮਾਲ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਤਾਂ ਜੋ ਮੁਲਜ਼ਮ ਰਾਜਜੀਤ ਸਿੰਘ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ 20 ਕਰੋੜ ਰੁਪਏ ਦੀ ਇਸ ਚੱਲ-ਅਚੱਲ ਜਾਇਦਾਦ ਦੀ ਖਰੀਦ ਜਾ ਵੇਚ ਨਾ ਕਰ ਸਕਣ। 20 ਫਰਵਰੀ ਨੂੰ STF ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਇਸ ਮਾਮਲੇ ‘ਚ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਸੀ।
ਕੀ ਹੈ ਪੂਰਾ ਮਾਮਲਾ?
ਸਾਲ 2017 ਵਿੱਚ ਰਾਜਜੀਤ ਦੇ ਸਾਥੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਾ ਤਸਕਰੀ ਅਤੇ ਹਥਿਆਰਾਂ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਦੇ ਘਰੋਂ ਤਲਾਸ਼ੀ ਦੌਰਾਨ ਏ.ਕੇ.-47, 4 ਕਿਲੋ ਹੈਰੋਇਨ, 3 ਕਿਲੋ ਸਮੈਕ ਅਤੇ ਹੋਰ ਦੇਸੀ ਹਥਿਆਰ ਬਰਾਮਦ ਹੋਏ। ਰਾਜਜੀਤ ਸਿੰਘ ਖ਼ਿਲਾਫ਼ ਮਾਰਚ 2023 ਵਿੱਚ ਬਰਖ਼ਾਸਤ ਇੰਸਪੈਕਟਰ ਦੀ ਮਦਦ ਕਰਨ ਡਰੱਗ ਰਿਕਵਰੀ ਵਿੱਚ ਛੇੜਛਾੜ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਇੱਥੋਂ ਤੱਕ ਕਿ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਏਆਈਜੀ ਰਾਜਜੀਤ ਸਿੰਘ ਸਾਲ 2012 ਤੋਂ 2017 ਤੱਕ ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਜਲੰਧਰ ਵਿੱਚ ਇਕੱਠੇ ਤਾਇਨਾਤ ਸਨ। ਮੁਲਜ਼ਮ ਰਾਜਜੀਤ ਆਪਣੀ ਤਾਇਨਾਤੀ ਵਾਲੀ ਥਾਂ ਤੇ ਆਪਣੇ ਸਾਥੀ ਇੰਸਪੈਕਟਰ ਨੂੰ ਤਾਇਨਾਤ ਕਰਾਉਂਦਾ ਸੀ।