ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਸਰਕਾਰ ਵਿੱਚ ਨਹੀਂ ਰਹਿ ਸਕਦਾ। ਉਹਨਾਂ ਕਿਹਾ ਕਿ ਹਿਮਾਚਲ ਦੀ ਸਥਿਤੀ ਚਿੰਤਾਜਨਕ ਹੈ। ਇਹ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਨੂੰ ਫਤਵਾ ਮਿਲਿਆ ਸੀ ਪਰ ਵਿਧਾਇਕਾਂ ਦੀ ਅਣਦੇਖੀ ਕੀਤੀ ਗਈ। ਇਹ ਸਭ ਵਿਧਾਇਕਾਂ ਦੀ ਅਣਦੇਖੀ ਦਾ ਹੀ ਨਤੀਜਾ ਹੈ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਉਪਰ ਸੰਕਟ ਦੇ ਬੱਦਲ ਛਾਏ ਹੋਏ ਹਨ। ਰਾਜ ਸਭਾ ਚੋਣਾਂ ਦੌਰਾਨ ਨੌਂ ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖ਼ਤਰੇ ਵਿੱਚ ਹੈ। ਰਾਜ ਸਭਾ ਚੋਣਾਂ ਦੌਰਾਨ ਛੇ ਕਾਂਗਰਸ ਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟ ਪਾਈ ਹੈ।
ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਦੀ ਅਗਵਾਈ ‘ਚ ਭਾਜਪਾ ਵਿਧਾਇਕਾਂ ਨੇ ਬੁੱਧਵਾਰ ਨੂੰ ਰਾਜ ਭਵਨ ‘ਚ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਮੰਗ ਪੱਤਰ ਵੀ ਸੌਂਪਿਆ। ਭਾਜਪਾ ਵਿਧਾਇਕਾਂ ਨੇ ਸਦਨ ‘ਚ ਫਲੋਰ ਟੈਸਟ, ਕੱਟ ਮੋਸ਼ਨ ਤੇ ਵਿੱਤੀ ਬਿੱਲ ਉਪਰ ਵੋਟ ਡਿਵੀਜ਼ ਦੀ ਮੰਗ ਕੀਤੀ।