ਚੰਡੀਗੜ੍ਹ ਨਗਰ ਨਿਗਮ ਦਫ਼ਤਰ ‘ਚ ਨਵਨਿਯੁਕਤ ਮੇਅਰ ਕੁਲਦੀਪ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਾਇਆ ਤੇ ਗੁਲਦਸਤੇ ਭੇਟ ਕੀਤੇ। ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ, ਮੈਨੂੰ ਨਿਆਂਪਾਲਿਕਾ ਤੋਂ ਉਮੀਦ ਸੀ ਕਿ ਸਾਨੂੰ ਇਨਸਾਫ ਮਿਲੇਗਾ।” ਜ਼ਿਕਰ ਕਰ ਦਇਏ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਹੁਕਮ ਦਿੱਤਾ ਸੀ ਕਿ ਕੁਲਦੀਪ 28 ਫਰਵਰੀ ਨੂੰ ਸਵੇਰੇ 10 ਵਜੇ ਆਪਣਾ ਅਹੁਦਾ ਸੰਭਾਲਣਗੇ ਅਤੇ ਇਸ ਤੋਂ ਬਾਅਦ 28 ਤੇ 29 ਫਰਵਰੀ ਨੂੰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਹੁਦੇ ਲਈ ਨਾਮਜ਼ਦਗੀ ਦਰਜ ਕੀਤੀ ਜਾਏਗੀ।
ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਭਾਜਪਾ ਦੇ ਮੇਅਰ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ ਜਦੋਂਕਿ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ ਸਨ। ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੇ 8 ਵੋਟਾਂ ਨੂੰ ਅਯੋਗ ਕਰਾਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ। ਗਠਜੋੜ ਨੇ ਦੋਸ਼ ਲਾਇਆ ਸੀ ਕਿ ਰਿਟਰਨਿੰਗ ਅਫਸਰ ਨੇ ਜਾਣਬੁੱਝ ਕੇ ਉਨ੍ਹਾਂ ਦੀਆਂ ਵੋਟਾਂ ਅਯੋਗ ਕਰਾਰ ਦਿੱਤੀਆਂ ਹਨ। ਇਸ ਮਾਮਲੇ ਨੂੰ ਲੈ ਕੇ ਉਹ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਗਏ।
ਇਸ ਸਭ ਤੋਂ ਬਾਅਦ ਗਠਜੋੜ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ 8 ਵੋਟਾਂ ਨੂੰ ਸਹੀ ਮੰਨਦਿਆਂ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਬਣਾਉਣ ਦਾ ਫੈਸਲਾ ਸੁਣਾਇਆ ਸੀ।