ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਕਿਰੂ ਹਾਈਡਰੋ ਪਾਵਰ ਪ੍ਰੋਜੈਕਟ ਵਿੱਚ 2019 ‘ਚ ਹੋਏ 2,200 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ CBI ਨੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਟਿਕਾਣਿਆਂ ਸਮੇਤ 30 ਤੋਂ ਵੱਧ ਥਾਵਾਂ ’ਤੇ ਛਾਪਾ ਮਾਰੀਆ ਹੈ। ਸੱਤਿਆਪਾਲ ਮਲਿਕ, ਜੋ 23 ਅਗਸਤ, 2018 ਤੋਂ 30 ਅਕਤੂਬਰ, 2019 ਦਰਮਿਆਨ ਜੰਮੂ-ਕਸ਼ਮੀਰ ਦੇ ਰਾਜਪਾਲ ਸਨ, ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।
ਇਸ ਸਭ ਤੋਂ ਬਾਅਦ CBI ਨੇ ਪਿਛਲੇ ਸਾਲ ਅਪ੍ਰੈਲ ‘ਚ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ ‘ਚ ਜਾਂਚ ਏਜੰਸੀ ਨੇ ਕਈ ਅਧਿਕਾਰੀਆਂ ਅਤੇ ਵਿਅਕਤੀਆਂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਕੇਸ ਦਰਜ ਕਰਨ ਤੋਂ ਬਾਅਦ, CBI ਨੇ ਪਿਛਲੇ ਸਾਲ ਅਪ੍ਰੈਲ ਵਿੱਚ 10 ਥਾਵਾਂ ‘ਤੇ ਅਤੇ ਜੂਨ 2022 ਵਿੱਚ 16 ਥਾਵਾਂ ‘ਤੇ ਤਲਾਸ਼ੀ ਲਈ। ਇਸ ਸਾਲ ਮਈ ‘ਚ ਵੀ 12 ਥਾਵਾਂ ‘ਤੇ ਤਲਾਸ਼ੀ ਲਈ ਗਈ ਸੀ।
ਇਸ ਵਿਚਾਲੇ ਸੱਤਿਆਪਾਲ ਮਲਿਕ ਨੇ ਕਿਹਾ, “ਮੈਂ ਪਿਛਲੇ 3-4 ਦਿਨਾਂ ਤੋਂ ਬੀਮਾਰ ਹਾਂ ਅਤੇ ਹਸਪਤਾਲ ਵਿਚ ਦਾਖਲ ਹਾਂ। ਇਸ ਦੇ ਬਾਵਜੂਦ ਸਰਕਾਰੀ ਏਜੰਸੀਆਂ ਰਾਹੀਂ ਤਾਨਾਸ਼ਾਹ ਵਲੋਂ ਮੇਰੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮੇਰੇ ਡਰਾਈਵਰ ਅਤੇ ਮੇਰੇ ਸਹਾਇਕ ਨੂੰ ਵੀ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਇਨ੍ਹਾਂ ਛਾਪਿਆਂ ਤੋਂ ਨਹੀਂ ਡਰਾਂਗਾ। ਮੈਂ ਕਿਸਾਨਾਂ ਦੇ ਨਾਲ ਹਾਂ”।