ਪੰਜਾਬ ਦੀਆਂ ਜੇਲ੍ਹਾਂ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਚੈਕਿੰਗ ਦੌਰਾਨ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚੋਂ 45 ਮੋਬਾਈਲ ਬਰਾਮਦ ਹੋਏ ਹਨ। ਮੋਬਾਈਲ ਬਰਾਮਦਗੀ ਤੋਂ ਬਾਅਦ ਪੁਲਿਸ ਨੇ 46 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਸਾਰੇ ਕੈਦੀਆਂ ‘ਚੋਂ 36 ਕੈਦੀ ਅੰਮ੍ਰਿਤਸਰ ਦੇ ਵਸਨੀਕ ਹਨ। ਛੇ ਅਪਰਾਧੀ ਤਰਨਤਾਰਨ ਦੇ ਵਸਨੀਕ ਹਨ, ਜਦਕਿ ਦੋ ਮੋਗਾ, ਇੱਕ ਹਰਿਆਣਾ ਅਤੇ ਇੱਕ ਗੁਰਦਾਸਪੁਰ ਦੇ ਵਸਨੀਕ ਹਨ। ਦੋਸ਼ੀਆਂ ਕੋਲੋਂ 25 ਟੱਚ ਫੋਨ ਅਤੇ 20 ਕੀਪੈਡ ਫੋਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਮੋਬਾਈਲ ਫੋਨਾਂ ਤੋਂ ਇਲਾਵਾ 31 ਸਿਮ ਕਾਰਡ, 200 ਬੰਡਲ ਬੀੜੀਆਂ, 16 ਪੈਕਟ ਤੰਬਾਕੂ, 10 ਪੈਕਟ ਕੋਇਲ, 1 ਚਾਰਜਿੰਗ ਅਡਾਪਟਰ, 4 ਹੀਟਰ ਸਪ੍ਰਿੰਗਜ਼ ਅਤੇ 1 ਨੋਕੀਆ ਚਾਰਜਰ ਬਰਾਮਦ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ASI ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਗੱਲ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਕਿਵੇਂ ਪਹੁੰਚਦੇ ਹਨ, ਕਿਉਂਕਿ ਜਦੋਂ ਵੀ ਕਿਸੇ ਅਪਰਾਧੀ ਨੂੰ ਥਾਣੇ ਤੋਂ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਉਸ ਨੂੰ ਖਾਲੀ ਹੱਥ ਭੇਜਿਆ ਜਾਂਦਾ ਹੈ। ਉਸ ਦੀ ਜੇਬ ਵਿਚ ਇਕ ਸੂਈ ਵੀ ਨਹੀਂ ਹੁੰਦੀ। ਉਸ ਨੇ ਦੱਸਿਆ ਕਿ ਕੁਝ ਅਪਰਾਧੀਆਂ ਨਾਲ ਗੱਲਬਾਤ ਕਰਨ ‘ਤੇ ਸੂਚਨਾ ਮਿਲੀ ਸੀ ਕਿ ਜ਼ਮਾਨਤ ‘ਤੇ ਰਿਹਾਅ ਹੋਏ ਦੋਸ਼ੀਆਂ ਨੇ ਜਾਂਦੇ ਸਮੇਂ ਆਪਣੇ ਮੋਬਾਈਲ ਫੋਨ ਕਿਸੇ ਹੋਰ ਕੈਦੀ ਨੂੰ ਦੇ ਦਿੱਤੇ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੋਬਾਈਲ ਫੋਨ ਉਸ ਕੋਲ ਕਿਵੇਂ ਪਹੁੰਚਿਆ। ਇਸ ਮਾਮਲੇ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਜਲਦੀ ਹੀ ਇਸ ਦਾ ਹੱਲ ਲੱਭ ਲਿਆ ਜਾਵੇਗਾ।