ਆਮਿਰ ਖ਼ਾਨ ਦੀ ਫ਼ਿਲਮ ‘ਦੰਗਲ’ ‘ਚ ਛੋਟੀ ਧੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ‘ਚ ਅੱਜ ਦੇਹਾਂਤ ਹੋ ਗਿਆ. ਦੱਸ ਦਇਏ ਕਿ ਫਰੀਦਾਬਾਦ ਦੀ ਰਹਿਣ ਵਾਲੀ ਸੁਹਾਨੀ ਭਟਨਾਗਰ ਦੀ ਮੌਤ ਦਾ ਕਾਰਨ ਪੂਰੇ ਸਰੀਰ ‘ਚ ਪਾਣੀ ਭਰ ਜਾਣਾ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸੁਹਾਨੀ ਨਾਲ ਸੜਕ ਹਾਦਸਾ ਵਾਪਰਿਆ ਸੀ ਅਤੇ ਇਸ ਹਾਦਸੇ ‘ਚ ਉਸ ਦੀ ਲੱਤ ਫਰੈਕਚਰ ਹੋ ਗਈ ਸੀ।
ਕਿਹਾ ਜਾ ਰਿਹਾ ਹੈ ਇਸ ਸਭ ਦੇ ਚੱਲਦੇ ਸੁਹਾਨੀ ਨੇ ਇਲਾਜ ਲਈ ਜੋ ਦਵਾਈਆਂ ਲਈਆਂ, ਉਨ੍ਹਾਂ ਦੇ ਅਜਿਹੇ ਮਾੜੇ ਪ੍ਰਭਾਵ ਪਏ ਕਿ ਉਸ ਦਾ ਸਰੀਰ ਹੌਲੀ-ਹੌਲੀ ਪਾਣੀ ਨਾਲ ਭਰ ਗਿਆ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਸੀ।
‘ਦੰਗਲ’ ਫਿਲਮ ਕਰਨ ਤੋਂ ਬਾਅਦ ਸੁਹਾਨੀ ਭਟਨਾਗਰ ਕੋਲ ਕਈ ਫ਼ਿਲਮਾਂ ਆਉਣੀਆ ਸਨ ਪਰ ਅਦਾਕਾਰਾ ਨੇ ਪੜ੍ਹਾਈ ‘ਤੇ ਧਿਆਨ ਦੇਣ ਲਈ ਕੰਮ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਕਰ ਲਿਆ। ਸੁਹਾਨੀ ਨੇ ਕਈ ਇੰਟਰਵਿਊਜ਼ ‘ਚ ਕਿਹਾ ਸੀ ਕਿ ਉਹ ਪੜ੍ਹਾਈ ਤੋਂ ਬਾਅਦ ਸਿਨੇਮਾ ‘ਚ ਵਾਪਸੀ ਕਰੇਗੀ। ਸੁਹਾਨੀ ਭਟਨਾਗਰ 25 ਨਵੰਬਰ 2021 ਤੋਂ ਇੰਸਟਾਗ੍ਰਾਮ ਅਕਾਊਂਟ ‘ਤੇ ਐਕਟਿਵ ਨਹੀਂ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ।