ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ‘ਚ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਿਆਸੀ ਤੌਰ ‘ਤੇ ਜ਼ੋਰ ਫੜਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਜੇਪੀ ਨੱਡਾ ਨੇ ਦੋ ਕੇਂਦਰੀ ਮੰਤਰੀਆਂ ਅਤੇ 4 ਸੰਸਦ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਸੀ। ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਕਮੇਟੀ ਦੀ ਕਨਵੀਨਰ ਹੈ। ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਅਤੇ ਭਾਜਪਾ ਦੇ 4 ਸੰਸਦ ਮੈਂਬਰ- ਸੁਨੀਤਾ ਦੁੱਗਲ, ਕਵਿਤਾ ਪਾਟੀਦਾਰ, ਸੰਗੀਤਾ ਯਾਦਵ ਅਤੇ ਬ੍ਰਿਜਲਾਲ ਮੈਂਬਰ ਹਨ।
ਇਸ ਮਾਮਲੇ ਨੂੰ ਲੈ ਕੇ ਅੱਜ ਉਥੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨ ਲਈ ਇਹ ਟੀਮ ਸੰਦੇਸ਼ਖਾਲੀ ਪਹੁੰਚਿਆ ਸੀ ਪਰ ਜਦੋਂ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਪੀੜਤਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ। ਸੰਦੇਸ਼ਖਾਲੀ ਜਾਣ ਤੋਂ ਰੋਕਣ ਤੇ ਅੰਨਪੂਰਨਾ ਦੇਵੀ ਨੇ ਕਿਹਾ ਅਸੀਂ ਪੀੜਤ ਭੈਣਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਹਾਂ।
ਦੱਸ ਦਇਏ ਕਿ ਇਸ ਮੁੱਦੇ ‘ਤੇ ਭਾਜਪਾ ਲਗਾਤਾਰ ਵਿਰੋਧ ਕਰ ਰਹੀ ਹੈ। ਭਾਜਪਾ ਦਾ ਦੋਸ਼ ਹੈ ਕਿ ਟੀਐਮਸੀ ਨੇਤਾ ਸ਼ਾਹਜਹਾਂ ਸ਼ੇਖ ਅਤੇ ਉਸਦੇ ਗੁੰਡਿਆਂ ਨੇ ਸੰਦੇਸ਼ਖਾਲੀ ਦੀਆਂ ਔਰਤਾਂ ‘ਤੇ ਅੱਤਿਆਚਾਰ ਕੀਤੇ ਅਤੇ ਮਮਤਾ ਸਰਕਾਰ ਦਾ ਗੁੰਡਿਆਂ ਨੂੰ ਸਮਰਥਨ ਹੈ। ਇਸ ਮਾਮਲੇ ‘ਚ ਟੀਐੱਮਸੀ ਭਾਜਪਾ ‘ਤੇ ਮਾਹੌਲ ਖਰਾਬ ਕਰਨ ਦਾ ਦੋਸ਼ ਲਗਾ ਰਹੀ ਹੈ, ਜਦਕਿ ਭਾਜਪਾ ਮਮਤਾ ‘ਤੇ ਜਵਾਬੀ ਹਮਲਾ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਪੱਛਮੀ ਬੰਗਾਲ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ 19 ਫਰਵਰੀ ਨੂੰ ਸੰਦੇਸ਼ਖਲੀ ਦਾ ਦੌਰਾ ਕਰਨ ਜਾ ਰਹੀ ਹੈ। ਉਹ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨਾਲ ਵੀ ਮੀਟਿੰਗ ਕਰੇਗੀ। ਇਸ ਦੌਰਾਨ ਸੰਦੇਸ਼ਖਲੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਬੰਗਾਲ ਤੋਂ ਬਾਹਰ ਜਾਂਚ ਅਤੇ ਸੁਣਵਾਈ ਦੀ ਮੰਗ ਕੀਤੀ ਗਈ ਹੈ।