ਮਣੀਪੁਰ ‘ਚ ਹਿੰਸਾ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਮਣੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਵਿੱਚ 300-400 ਲੋਕਾਂ ਦੀ ਭੀੜ ਨੇ ਬੀਤੇ ਦਿਨ ਦੇਰ ਰਾਤ SP ਦਫ਼ਤਰ ਉੱਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਭੀੜ ਨੇ SP ਦਫ਼ਤਰ ‘ਤੇ ਪਥਰਾਅ ਕੀਤਾ ਤੇ ਨਾਲ ਹੀ ਬੱਸਾਂ ਅਤੇ ਆਸਪਾਸ ਦੇ ਇਲਾਕਿਆਂ ਨੂੰ ਅੱਗ ਲਾ ਦਿੱਤੀ ਗਈ। ਤਾਜ਼ਾ ਹਿੰਸਾ ਤੋਂ ਬਾਅਦ ਚੁਰਾਚੰਦਪੁਰ ਵਿੱਚ ਮੋਬਾਈਲ ਇੰਟਰਨੈਟ ਸੇਵਾ 5 ਦਿਨਾਂ ਲਈ ਮੁਅੱਤਲ ਕਰ ਦਿੱਤੀ ਗਈ ਹੈ।
ਕੀ ਹੈ ਮਾਮਲਾ?
ਮਣੀਪੁਰ ਪੁਲਿਸ ਮੁਤਾਬਕ 14 ਫਰਵਰੀ ਨੂੰ ਹੈੱਡ ਕਾਂਸਟੇਬਲ ਸ਼ਿਆਮਲ ਪਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਇਸ ਵਿੱਚ ਉਹ ਹਥਿਆਰਬੰਦ ਬਦਮਾਸ਼ਾਂ ਨਾਲ ਨਜ਼ਰ ਆ ਰਿਹਾ ਸੀ। ਹੈੱਡ ਕਾਂਸਟੇਬਲ ਨੇ ਬੰਕਰ ‘ਚ ਬਦਮਾਸ਼ਾਂ ਨਾਲ ਸੈਲਫੀ ਵੀ ਲਈ ਸੀ, ਜੋ ਵਾਇਰਲ ਹੋ ਗਈ।
ਸੈਲਫੀ ਵਾਇਰਲ ਹੋਣ ਤੋਂ ਬਾਅਦ SP ਵੱਲੋਂ ਹੈੱਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਹੈੱਡ ਕਾਂਸਟੇਬਲ ਨੂੰ ਗਲਤ ਤਰੀਕੇ ਨਾਲ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਹੈੱਡ ਕਾਂਸਟੇਬਲ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਜ਼ਿਕਰ ਕਰ ਦਇਏ ਕਿ 3 ਮਈ, 2023 ਤੋਂ ਰਾਜ ਵਿੱਚ ਕੂਕੀ ਅਤੇ ਮਤਯੀ ਵਿਚਕਾਰ ਚੱਲ ਰਹੀ ਜਾਤੀ ਹਿੰਸਾ ਵਿੱਚ 200 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। 1100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਸੂਬੇ ਵਿੱਚ ਹੁਣ ਤੱਕ 65 ਹਜ਼ਾਰ ਤੋਂ ਵੱਧ ਲੋਕ ਆਪਣਾ ਘਰ ਛੱਡ ਚੁੱਕੇ ਹਨ। 6 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ ਅਤੇ 144 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।