ਪੁਲਵਾਮਾ ਅੱਤਵਾਦੀ ਹਮਲਾ 14 ਫਰਵਰੀ 2019 ਨੂੰ ਹੋਇਆ ਸੀ। ਇਸ ਨੂੰ ਭਾਰਤ ‘ਤੇ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ‘ਚੋਂ ਇਕ ਮੰਨਿਆ ਜਾਂਦਾ ਹੈ। ਇਸਦੇ ਚੱਲਦੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। PM ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ‘ਮੈਂ ਪੁਲਵਾਮਾ ‘ਚ ਸ਼ਹੀਦ ਹੋਏ ਨਾਇਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਸਾਡੇ ਦੇਸ਼ ਲਈ ਉਨ੍ਹਾਂ ਦੀ ਸੇਵਾ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਦੱਸ ਦਇਏ ਕਿ ਇਸ ਕਾਲੇ ਦਿਨ ‘ਤੇ ਅੱਤਵਾਦੀਆਂ ਨੇ 200 ਕਿਲੋਗ੍ਰਾਮ ਵਿਸਫੋਟਕਾਂ ਨਾਲ ਭਰੇ ਵਾਹਨ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਅੱਤਵਾਦੀ ਹਮਲੇ ‘ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ, ਜਦਕਿ 35 ਜ਼ਖ਼ਮੀ ਹੋ ਗਏ ਸਨ। ਸੀਆਰਪੀਐਫ ਦੇ ਕਾਫ਼ਲੇ ਵਿੱਚ 78 ਵਾਹਨ ਸਨ, ਜਿਨ੍ਹਾਂ ਵਿੱਚ 2500 ਤੋਂ ਵੱਧ ਜਵਾਨ ਸਵਾਰ ਸਨ।