ਪੰਜਾਬ ਦੀ 16ਵੀਂ ਵਿਧਾਨ ਸਭਾ ਦਾ 6ਵਾਂ ਇਜਲਾਸ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਯਾਨੀ 26 ਜਾਂ 27 ਫ਼ਰਵਰੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਗਭਗ 8 ਬੈਠਕਾਂ ਵਾਲੇ ਇਸ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਹੋਵੇਗਾ ਜਿਸ ਰਾਹੀਂ ‘ਆਪ’ ਸਰਕਾਰ ਅਪ੍ਰੈਲ 2023 ਤੋਂ ਫ਼ਰਵਰੀ-ਮਾਰਚ 2024 ਤਕ ਇਕ ਸਾਲ ਦੀਆਂ ਆਪਣੀਆਂ ਪ੍ਰਾਪਤੀਆਂ ਗਿਣਵਾਏਗੀ।
ਦੱਸ ਦਇਏ ਕਿ 8 ਜਾਂ 9 ਬੈਠਕਾਂ ਵਾਲਾ ਇਹ ਮਹੱਤਵਪੂਰਨ ਇਜਲਾਸ ਇਸ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਸ਼ੁਰੂ ਹੋ ਕੇ ਮਾਰਚ ਦੇ ਪਹਿਲੇ ਹਫ਼ਤੇ ਵਿਚ ਹੀ ਨਿਬੇੜ ਦਿਤਾ ਜਾਵੇਗਾ ਕਿਉਂਕਿ ਮਾਰਚ ਦੇ 9 ਜਾਂ 10 ਤਰੀਕ ਤੋਂ ਲੋਕ ਸਭਾ ਚੋਣਾਂ ਦੇ ਐਲਾਨ ਦੀ ਸੰਭਾਵਨਾ ਕਾਰਨ ਚੋਣ ਜ਼ਾਬਤਾ ਲੱਗ ਜਾਵੇਗਾ। ਇਸ ਬਜਟ ਸੈਸ਼ਨ ਬਾਰੇ ਪੱਕੀਆਂ ਤਰੀਕਾਂ ਦੇ ਐਲਾਨ ਸਬੰਧੀ ਮੰਤਰੀ ਮੰਡਲ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਵਿਚ ਫ਼ੈਸਲਾ ਹੋਵੇਗਾ।