ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਾਲ ਸੰਬੰਧਿਤ 3 ਵੱਖ-ਵੱਖ ਮਾਮਲਿਆਂ ‘ਚ ਮੁੱਖ ਸਾਜਿਸ਼ਕਰਤਾ ਵਜੋਂ ਨਾਮਜਦ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਕਰੀਬ ਸਾਢੇ ਤਿੰਨ ਸਾਲ ਭਗੌੜਾ ਹੋਣ ਦੇ ਚਲਦੇ ਬੀਤੇ ਦਿਨੀ ਗੁਰੂ ਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ SIT ਵੱਲੋਂ ਉਸ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ SIT ਨੂੰ ਪ੍ਰਦੀਪ ਕਲੇਰ ਦਾ ਨੂੰ 2 ਦਿਨਾਂ ਦਾ ਹੋਰ ਰਿਮਾਂਡ ਦੇ ਦਿਤਾ ਹੈ। SIT ਹੁਣ 2 ਹੋਰ ਡੇਰਾ ਪ੍ਰੇਮੀਆਂ ਦਾ ਪਤਾ ਲਗਾਉਣ ਲਈ ਮੁਲਜ਼ਮ ਤੋਂ ਪੁੱਛਗਿੱਛ ਕਰੇਗੀ।
ਫਰੀਦਕੋਟ ਦੇ DSP ਨੇ ਦੱਸਿਆ ਕਿ ਡੇਰਾ ਪ੍ਰੇਮੀ ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ 3 ਵੱਖ-ਵੱਖ ਮੁਕੱਦਮਿਆਂ ਵਿੱਚ ਨਾਮਜਦ ਹਨ ਅਤੇ ਇਹ ਪਿਛਲੇ ਲੰਬੇ ਸਮੇਂ ਤੋਂ ਭਗੌੜੇ ਚੱਲੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਤਿੰਨ ਮਾਮਲਿਆਂ ਵਿੱਚ ਭਗੌੜੇ ਹੋਣ ਕਾਰਨ ਇਨ੍ਹਾਂ ਖਿਲਾਫ 3 ਹੋਰ ਮੁਕਦਮੇ ਧਾਰਾ 174 ਤਹਿਤ ਦਰਜ ਹੋਏ ਹਨ। ਉਨ੍ਹਾਂ ਕਿਹਾ SIT ਨੂੰ ਵੱਡੀ ਆਸ ਹੈ ਕਿ ਇਸ ਤੋਂ ਬਾਕੀ ਦੋਸ਼ੀਆਂ ਦੀ ਭਾਲ ਲਈ ਅਹਿਮ ਜਾਣਕਾਰੀ ਮਿਲ ਸਕੇਗੀ।