ਪੰਜਾਬ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਸਭ ਦੇ ਚੱਲਦੇ ਪੁਲਿਸ ਵੀ ਚੋਰਾਂ ਨੂੰ ਫੜਨ ਲਈ ਥਾਂ-ਥਾਂ ਨਾਕਾਬੰਦੀ ਕਰ ਰਹੀ ਹੈ। ਇਸੇ ਨਾਲ ਜੁੜਿਆ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਿੰਦ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੀ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਿਤ ਕੁਮਾਰ ਸਿੰਗਲਾ DSP ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲਵੀਰ ਸਿੰਘ ਮੁੱਖ ਅਫਸਰ ਥਾਣਾ ਸਰਹਿੰਦ ਦੀ ਅਗਵਾਈ ਹੇਠ ਸਹਾਇਕ SHO ਸੁਰਜੀਤ ਚੰਦਰ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਇਹ ਕਾਰ ਚੋਰੀ ਕਰਨ ਦਾ ਆਦੀ ਹੈ ਅਤੇ ਇਹਨੇ ਇੱਕ ਕਾਰ ਕਰਨਾਲ ਤੋਂ ਚੋਰੀ ਕੀਤੀ ਹੈ।
ਇਸ ਸਭ ਦੇ ਚੱਲਦੇ ਸਹਾਇਕ SHO ਸੁਰਜੀਤ ਚੰਦ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਖਿਲਾਫ ਥਾਣਾ ਸਰਹਿੰਦ ‘ਚ ਮਾਮਲਾ ਦਰਜ ਕਰਕੇ ਉਸਨੂੰ ਚਾਵਲਾ ਚੌਂਕ ਸਰਹਿੰਦ ਨੇੜੇ ਨਾਕਾਬੰਦੀ ਕਰਕੇ ਕਾਬੂ ਕਰ ਲਿਆ. ਗੁਰਪ੍ਰੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਉਸ ਨੇ ਦੋਰਾਹਾ ਜ਼ਿਲ੍ਹਾ ਲੁਧਿਆਣਾ ਨਹਿਰ ਤੋਂ ਬਿਨਾਂ ਨੰਬਰੀ ਇੱਕ ਹੋਰ ਗੱਡੀ ਮਹਿੰਦਰਾ ਪਿਕਅੱਪ ਚੋਰੀ ਕੀਤੀ ਸੀ। ਉਸ ਦੀ ਤਲਾਸ਼ੀ ਲੈਣ ‘ਤੇ ਉਕਤ ਗੱਡੀ ਪਿੰਡ ਹਰਬੰਸਪੁਰਾ ਰੋਡ ‘ਤੇ ਫਲੋਟਿੰਗ ਰੈਸਟੋਰੈਂਟ ਨੇੜਿਓਂ ਵੀ ਬਰਾਮਦ ਹੋਈ। ਗੁਰਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਚਾਰ ਕੇਸ ਦਰਜ ਹਨ।