ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਈ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਪਰ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਪਾਕਿਸਤਾਨੀ ਫੌਜੀ ਸੰਸਥਾਨ ਦੇ ਨੇੜਲੇ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਚਸ਼ਮਦੀਦ ਗਵਾਹਾਂ ਨੇ ਇਮਰਾਨ ਖਾਨ ਨੂੰ ਪਿਛਲੇ ਸਾਲ 9 ਮਈ ਨੂੰ ਫੌਜੀ ਟਿਕਾਣਿਆਂ ‘ਤੇ ਹੋਏ ਹਮਲਿਆਂ ਦਾ ਮਾਸਟਰਮਾਈਂਡ ਦੱਸਿਆ ਹੈ। ਦੱਸ ਦਇਏ ਕਿ ਹੁਣ ਜੇਕਰ ਸਾਬਕਾ ਪ੍ਰਧਾਨ ਮੰਤਰੀ ਇਸ ਮਾਮਲੇ ‘ਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ ਆਰਮੀ ਐਕਟ ਤਹਿਤ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਐਕਟ ਵਿੱਚ ਫਾਂਸੀ ਦੀ ਸਜ਼ਾ ਦੀ ਵੀ ਵਿਵਸਥਾ ਹੈ।
ਦੱਸ ਦਈਏ ਕਿ ਫੌਜੀ ਟਿਕਾਣਿਆਂ ’ਤੇ ਹਮਲੇ ਦੇ ਮਾਮਲੇ ’ਚ 100 ਲੋਕਾਂ ਖਿਲਾਫ ਪਹਿਲਾਂ ਹੀ ਮੁਕੱਦਮੇ ਚੱਲ ਚੁੱਕੇ ਹਨ। ਇਸ ਮਾਮਲੇ ‘ਚ ਦੋਸ਼ੀ ਨੂੰ ਸਜ਼ਾ ਸੁਣਾਏ ਜਾਣ ਦੀ ਦਰ 90 ਫੀਸਦੀ ਹੈ। ਫਿਲਹਾਲ ਸੁਪਰੀਮ ਕੋਰਟ ਨੇ ਫੌਜੀ ਅਦਾਲਤਾਂ ਨੂੰ ਫੈਸਲਾ ਸੁਨਾਉਣ ’ਤੇ ਰੋਕ ਲਗਾ ਰੱਖੀ ਹੈ। ਜੇਕਰ ਫੌਜੀ ਅਦਾਲਤ ਇਸ ਮਾਮਲੇ ’ਚ ਇਮਰਾਨ ਖਾਨ ਖਿਲਾਫ ਕਾਰਵਾਈ ਕਰਦੀ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਪਾਕਿਸਤਾਨ ’ਚ ਇਤਿਹਾਸ ਅਜਿਹਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਨੂੰ ਚੁਣੌਤੀ ਦੇਣ ਵਾਲਾ ਕੋਈ ਵੀ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿੰਦਾ।
ਜ਼ਿਕਰ ਕਰ ਦਇਏ ਕਿ ਪਾਕਿਸਤਾਨ ’ਚ ਆਮ ਚੋਣਾਂ ਤੋਂ ਪਹਿਲਾਂ ਇਮਰਾਨ ਖਾਨ ਨੂੰ ਜਿੱਥੇ ਇਕ ਪਾਸੇ ਹੁਣ ਤੱਕ ਕੁੱਲ 4 ਮਾਮਲਿਆਂ ’ਚ 34 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਥੇ ਹੀ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਅਤੇ ਫੌਜੀ ਸੰਸਥਾਨਾਂ ’ਤੇ ਹਮਲੇ ਕਰਨ ਦੇ ਮਾਸਟਰਮਾਈਂਡ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਦਾ ਅਸਰ ਚੋਣਾਂ ’ਤੇ ਪੈ ਸਕਦਾ ਹੈ।