ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ। ਇਸੇ ਦੇ ਚੱਲਦੇ ਪੰਜਾਬ ‘ਚ ਕਾਂਗਰਸ ਆਪਣੀ ਚੋਣ ਰਣਨੀਤੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਕਾਂਗਰਸ ਦੀ 1 ਫਰਵਰੀ ਨੂੰ ਹੋਈ ਮੀਟਿੰਗ ਤੋਂ ਨਵਜੋਤ ਸਿੰਘ ਸਿੱਧੂ ਗਾਇਬ ਰਹੇ ਤੇ ਉਹਨਾਂ ਨੇ ਕੁਝ ਹੋਰ ਕਾਂਗਰਸੀ ਆਗੂਆਂ ਨਾਲ ਵੱਖਰੀ ਮੀਟਿੰਗ ਕੀਤੀ। ਜਿਸ ਦੇ ਚੱਲਦੇ ਹੁਣ ਕਾਂਗਰਸ ਪਾਰਟੀ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।
ਪੰਜਾਬ ਕਾਂਗਰਸ ਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਸਕਦੀ ਹੈ। ਦੱਸ ਦਈਏ ਕਿ ਪੰਜਾਬ ‘ਚ 11 ਫਰਵਰੀ ਨੂੰ ਲੁਧਿਆਣਾ ਦੇ ਸਮਰਾਲਾ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਹੈ। ਰੈਲੀ ਤੋਂ ਬਾਅਦ ਪਾਰਟੀ ਸਿੱਧੂ ਖਿਲਾਫ ਕਾਰਵਾਈ ਕਰੇਗੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਰੇ ਆਗੂ ਵੀ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੇ ਸਾਹਮਣੇ ਇਕਜੁੱਟ ਹੋ ਗਏ ਹਨ।