ਪੰਜਾਬ ਕਾਂਗਰਸ ਤੋਂ ਦੂਰੀ ਬਣਾ ਕੇ ਰੱਖ ਰਹੇ ਸੀਨੀਅਰ ਆਗੂ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਅਪਲੋਡ ਕਰ ਕੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ, ਉਨ੍ਹਾਂ ਦੇ ਅੰਦਾਜ਼ ‘ਚ ਥੋੜ੍ਹਾ ਜਿਹਾ ਬਦਲਾਅ ਆਇਆ ਹੈ ਹੁਣ ਉਨ੍ਹਾਂ ਨੇ ਕਿਸੇ ‘ਤੇ ਸਿੱਧਾ ਹਮਲਾ ਕਰਨ ਦੀ ਬਜਾਏ ਬਿਨਾਂ ਨਾਂਅ ਲਏ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਨੇ ਲਿਖਿਆ ‘ਹੁਨਰ ਹੋਵੇਗਾ ਤਾਂ ਦੁਨੀਆ ਕਦਰ ਕਰੇਗੀ, ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ’।
ਸਿੱਧੂ ਦੇ ਅੰਦਾਜ਼ ‘ਚ ਇਸ ਬਦਲਾਅ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਕੁਝ ਕਹਿਣ ਤੋਂ ਬਚ ਰਹੇ ਹਨ। ਇਸਦੇ ਨਾਲ ਹੀ ਜਦੋਂ ਸਿੱਧੂ ਤੋਂ ਮੀਡਿਆ ਕੁੱਝ ਪੁੱਛਦੀ ਹੈ ਤਾਂ ਸਿੱਧੂ ਹਰ ਵਾਰ ਅਜਿਹੇ ਸਵਾਲ ਨਾ ਪੁੱਛਣ ਲਈ ਕਹਿ ਦਿੰਦੇ ਹਨ। ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਤੱਕ ਆਪਣੇ ਵਿਚਾਰ ਪਹੁੰਚਾ ਦਿੱਤੇ ਹਨ।