ਛੱਤੀਸਗੜ੍ਹ ਦੇ ਸੁਕਮਾ-ਬੀਜਾਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਨਕਸਲੀਆਂ ਨੇ CRPF ਕੈਂਪ ‘ਤੇ ਵੱਡਾ ਹਮਲਾ ਕੀਤਾ। ਇਸ ਹਮਲੇ ‘ਚ ਭਾਰਤੀ ਫੌਜ ਦੇ 3 ਜਵਾਨ ਸ਼ਹੀਦ ਹੋ ਗਏ ਜਦਕਿ 14 ਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਫੋਰਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦਇਏ ਕਿ 30 ਜਨਵਰੀ 2024 ਨੂੰ ਸੁਕਮਾ ਥਾਣਾ ਜਗਰਗੁੰਡਾ ਇਲਾਕੇ ‘ਚ ਨਕਸਲੀ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਸੁਰੱਖਿਆ ਕੈਂਪ ਲਗਾਇਆ ਗਿਆ ਸੀ ਅਤੇ ਇਸੇ ਦੇ ਚੱਲਦੇ CRPF ਦੇ ਕੋਬਰਾ ਸਿਪਾਹੀ ਜੋਨਾਗੁਡਾ-ਅਲੀਗੁਡਾ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਇਸ ਦੌਰਾਨ ਮਾਓਵਾਦੀਆਂ ਨੇ ਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਬਲਾਂ ਨੇ ਵੀ ਮਾਓਵਾਦੀਆਂ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਅਤੇ ਜਵਾਬੀ ਕਾਰਵਾਈ ਕੀਤੀ ਪਰ ਸੁਰੱਖਿਆ ਬਲਾਂ ਦੇ ਵਧਦੇ ਦਬਾਅ ਨੂੰ ਦੇਖ ਕੇ ਮਾਓਵਾਦੀ ਜੰਗਲ ‘ਚ ਭੱਜ ਗਏ।