ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਪਹੁਵਿੰਡ ‘ਚ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੇਲੇ ਵਿੱਚ ਸ਼ਰਧਾਲੂਆਂ ਦੀਆਂ ਜੁੱਤੀਆਂ ਦੀ ਸੇਵਾ ਕਰਨ ਆਏ ਕੁਝ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪੰਡਾਲ ਵਿੱਚ ਲਗਾ ਦਿੱਤੀ, ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਇਸ ਤਸਵੀਰ ਨੂੰ ਗੁਰੁਦਆਰਾ ਪ੍ਰਬੰਧਕ ਕਮੇਟੀ ਵੱਲੋਂ ਹਟਵਾ ਦਿੱਤਾ ਗਿਆ. ਇਸ ਦੀ ਪੂਰੀ ਵੀਡੀਓ ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ. ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਸੰਗਠਨਾਂ ‘ਚ ਭਾਰੀ ਰੋਸ਼ ਵੇਖਿਆ ਗਿਆ ਜਿਸਦੇ ਚੱਲਦੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤੇ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਇਸ ਗੱਲ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਉਥੇ ਪਹੁੰਚ ਗਈ। ਇਸ ਦੌਰਾਨ ਭੀੜ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਕਰਨਲ ਹਰਸਿਮਰਨ ਸਿੰਘ ਦੀ ਕਾਰ ’ਤੇ ਹਮਲਾ ਕਰ ਦਿੱਤਾ। ਕਾਰ ਦੀ ਭੰਨਤੋੜ ਕੀਤੀ। ਇੰਨਾ ਹੀ ਨਹੀਂ ਗੁੱਸੇ ‘ਚ ਆਈ ਭੀੜ ਨੇ ਐੱਸਐੱਚਓ ਪਰਵਿੰਦਰ ਸਿੰਘ ‘ਤੇ ਵੀ ਹਮਲਾ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਸਭ ਤੋਂ ਬਾਅਦ ਹੁਣ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਬਲੇਰ ਅਤੇ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਦੋਕੇ ਨੇ ਮੇਲੇ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੀਆਂ ਜੀ ਦੀ ਫੋਟੋ ਨੂੰ ਲੈ ਕੇ ਹੋਏ ਵਿਵਾਦ ਸਬੰਧੀ ਪ੍ਰਬੰਧਕ ਕਮੇਟੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਹੀ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਮੈਨੇਜਰ ਪ੍ਰਭਜੋਤ ਸਿੰਘ ਤੇ ਕਰਨਲ ਹਰਿਸਿਮਰਨ ਸਿੰਘ ਨੇ ਪੱਤਰਕਾਰਾਂ ਰਾਹੀਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਸੇਵਾ ਕਰ ਰਹੇ ਸਿੰਘਾਂ ਨੂੰ ਕੋਈ ਵੀ ਅਪਸ਼ਬਦ ਨਹੀਂ ਬੋਲਿਆ ਹੈ। ਮੈਨੇਜਰ ਪ੍ਰਭਜੋਤ ਸਿੰਘ ਤੇ ਕਰਨਲ ਹਰਿਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਜੁੱਤੀਆਂ ਗੰਢਣ ਵਾਲੀ ਥਾਂ ‘ਤੇ ਫ਼ੋਟੋ ਨਾ ਲਗਾਉਣ ਤੇ ਪ੍ਰਬੰਧਕ ਕਮੇਟੀ ਦੀ ਆਗਿਆ ਤੋਂ ਬਿਨਾਂ ਰਸਤੇ ‘ਚ ਤੰਬੂ ਲਗਾਉਣ ਬਾਰੇ ਕਿਹਾ ਸੀ,ਪ੍ਰੰਤੂ ਉਪਰੋਕਤ ਨੌਜਵਾਨਾਂ ਨੇ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਵੀਡੀਓ ‘ਚ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ।