ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ‘ਤੇ ਪਾਬੰਦੀ ਲਗਾਈ ਗਈ ਹੈ ਪਰ ਇਸਦੇ ਬਾਵਜੂਦ ਵੀ ਲੋਕ ਚਾਇਨਾ ਡੋਰ ਦਾ ਇਸਤੇਮਾਲ ਕਰਨਾ ਬੰਦ ਨਹੀਂ ਕਰ ਰਹੇ ਹਨ. ਚਾਇਨਾ ਡੋਰ ਕਾਰਨ ਕਈ ਮਾਸੂਮ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ. ਹੁਣ ਫਗਵਾੜਾ ਦੇ ਚਾਚੋਕੀ ਪੁਲ ਨੇੜੇ ਚਾਇਨਾ ਡੋਰ ਦੀ ਲਪੇਟ ‘ਚ ਆਉਣ ਨਾਲ 50 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਗੰਭੀਰ ਜ਼ਖਮੀ ਤਰਲੋਕ ਸਿੰਘ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਮਿਲੀ ਹੈ ਕਿ ਤਰਲੋਕ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਉਹ ਚਾਚੋਕੀ ਪੁਲ ਨੇੜੇ ਚਾਈਨਾ ਡੋਰ ਨਾਲ ਟਕਰਾ ਗਿਆ। ਚਾਈਨਾ ਡੋਰ ਕਾਰਨ ਉਸ ਦੀਆਂ ਅੱਖਾਂ, ਨੱਕ ਅਤੇ ਚਿਹਰੇ ‘ਤੇ ਡੂੰਘੇ ਜ਼ਖ਼ਮ ਹੋ ਗਏ। ਇਸ ਦੌਰਾਨ ਉਸ ਦੀ ਅੱਖ ਦੀ ਪੁਤਲੀ ਨੂੰ ਨੁਕਸਾਨ ਪਹੁੰਚਿਆ ਹੈ। ਡਾਕਟਰ ਦਾ ਕਹਿਣਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪੀੜਤ ਦੀ ਅੱਖ ਦੀ ਰੌਸ਼ਨੀ ਜਾ ਸਕਦੀ ਸੀ।