ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਸਲਾਨਾ 20 ਹਜ਼ਾਰ ਕਰੋੜ ਦੇ ਕਰੀਬ ਮਾਈਨਿੰਗ ਤੋਂ ਮਾਲਿਆ ਇਕੱਠਾ ਕੀਤਾ ਜਾਵੇਗਾ ਤੇ ਇਸ ਤੋਂ ਇਕੱਠੇ ਹੋਏ ਪੈਸੇ ਪੰਜਾਬ ਦੇ ਕੰਮਾਂ ਅਤੇ ਹੋਰ ਵਿਕਾਸ ਲਈ ਖਰਚੇ ਜਾਣਗੇ ਪਰ ਇਸ ਮਾਮਲੇ ‘ਤੇ ਹੁਣ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਪੰਜਾਬ ‘ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਨਿਸ਼ਾਨਾਂ ਸਾਧਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਸ਼ਿਆਰਪੁਰ ਦੇ ਪਿੰਡ ਮਹਿਰਾ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨਾਲ ਸਬੰਧਤ 4 ਵੀਡੀਓਜ਼ ਸ਼ੇਅਰ ਕੀਤੀਆਂ ਹਨ। ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ‘ਚ ਉਨ੍ਹਾਂ ਥਾਵਾਂ ਦੀ ਲੋਕੇਸ਼ਨ ਅਤੇ ਸਮਾਂ ਲਿਖਿਆ ਗਿਆ ਹੈ। ਅਜਿਹੇ ‘ਚ ਉਨ੍ਹਾਂ ਨੇ ਸਰਕਾਰ ਤੋਂ ਲੈ ਕੇ ਪੁਲਸ ਤੱਕ ਸਾਰਿਆਂ ਨੂੰ ਘੇਰ ਲਿਆ ਹੈ।
ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਨੂੰ ਸਵਾਲ ਕਰਦੇ ਹੋਏ ਲਿਖਿਆ ਹੈ, ”ਪਾਬੰਦੀਸ਼ੁਦਾ ਜੰਗਲਾਤ ਜ਼ਮੀਨ ‘ਚ ਨਾਜਾਇਜ਼ ਮਾਈਨਿੰਗ… ‘ਆਪ’ ਦਾ ਲਾਲਚ ਪ੍ਰਸ਼ਾਸਨ ਦੇ ਸਾਰੇ ਮਾਪਦੰਡਾਂ ਨੂੰ ਪਛਾੜਦਾ ਹੈ… PLPA ਐਕਟ 1900 ਦੀ ਧਾਰਾ 4 ਅਤੇ 5 ਤਹਿਤ ਪਿੰਡ ਮਹਿਰਾ ‘ਚ ਜੰਗਲਾਤ ਦੀ ਜ਼ਮੀਨ ‘ਤੇ ਅਜਿਹੇ ਕਰੱਸ਼ਰ ਚੱਲ ਰਹੇ ਹਨ। ਕਿਸੇ ਵੀ ਵਪਾਰਕ ਗਤੀਵਿਧੀ ਦੀ ਇਜਾਜ਼ਤ ਨਹੀਂ ਹੈ..ਚੋਰ ਸਿਸਟਮ ਜਾਂ ਲੋਕਤੰਤਰ” ਜ਼ਿਕਰ ਕਰ ਦਇਏ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾ ਰਹੇ ਹਨ। ਨਵਜੋਤ ਸਿੱਧੂ ਨੇ ਰੋਪੜ ਵਿੱਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਹੈ।