ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਭਰੀ ਕਾਲ ਦੁਰਗਿਆਣਾ ਮੰਦਰ ਦੇ ਦਫ਼ਤਰ ‘ਚ ਲੱਗੇ ਲੈਂਡਲਾਈਨ ਰਾਹੀਂ ਸਵੇਰੇ 10 ਵਜੇ ਦੇ ਕਰੀਬ ਦਿੱਤੀ ਗਈ। ਫੋਨ ਕਰਨ ਵਾਲੇ ਨੇ ਕਿਹਾ ਕਿ, “ਇਸ ਨੂੰ ਬੰਦ ਕਰ ਦਿਓ ਅਤੇ ਚਾਬੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਦੇ ਦਿਓ, ਨਹੀਂ ਤਾਂ ਠੋਕ ਦਿਆਂਗੇ ਤੇ ਬੰਬ ਨਾਲ ਉਡਾ ਦਿਆਂਗੇ।” ਧਮਕੀ ਭਰੀ ਕਾਲ ਦੇ ਆਉਣ ਤੋਂ ਬਾਅਦ ਪੁਲਿਸ ਨੇ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ ਦੋ ਦਿਨ ਪਹਿਲਾਂ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਪੰਨੂ ਨੇ ਦੁਰਗਿਆਣਾ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ। ਖਾਲਿਸਤਾਨੀ ਅੱਤਵਾਦੀ ਨੇ ਵੀਡੀਓ ਜਾਰੀ ਕਰਕੇ ਦੁਰਗਿਆਣਾ ਮੰਦਰ ਨੂੰ ਬੰਦ ਕਰਨ ਅਤੇ ਇਸ ਦੀਆਂ ਚਾਬੀਆਂ ਹਰਿਮੰਦਰ ਸਾਹਿਬ ਨੂੰ ਸੌਂਪਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਵੀ ਪੰਨੂ ਖਿਲਾਫ ਥਾਣਾ ਡੀ-ਡਵੀਜ਼ਨ ‘ਚ ਮਾਮਲਾ ਦਰਜ ਕੀਤਾ ਸੀ। ਪੰਨੂ ਦੀ ਧਮਕੀ ਤੋਂ ਬਾਅਦ ਦੁਰਗਿਆਣਾ ਮੰਦਰ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।