ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਬੁੱਧਵਾਰ ਨੂੰ ਪੱਖੋਵਾਲ ਰੋਡ ’ਤੇ ਜ਼ੋਰਦਾਰ ਹੰਗਾਮਾ ਕਰ ਪੁਲਿਸ ਖ਼ਿਲਾਫ਼ ਰੋਸ ਪ੍ਰਗਟਾਇਆ। ਦਰਅਸਲ ਰਾਜਸਥਾਨ ਵਿਚ ਇੱਕ ਕੈਲਾਸ਼ ਨਾਂਅ ਦੇ ਗੈਂਗਸਟਰ ਦੀ ਗ੍ਰਿਫ਼ਤਾਰੀ ਹੋਈ ਸੀ, ਇਸ ਦੌਰਾਨ ਇਸ ਗੈਂਗਸਟਰ ਨੇ ਪੁੱਛਗਿੱਛ ਦੌਰਾਨ ਖੁਲਾਸੇ ਕਰਦੇ ਹੋਏ ਕਿਹਾ ਸੀ ਕਿ ਕਈ ਲੋਕ ਉਸ ਦੇ ਟਾਰਗੇਟ ’ਤੇ ਹਨ ਜਿਨ੍ਹਾਂ ਨੂੰ ਉਹ ਮਾਰਨਾ ਚਾਹੁੰਦਾ ਹੈ। ਇਸ ਵਿਚ ਉਹਨੇ ਗੁਰਸਿਮਰਨ ਸਿੰਘ ਮੰਡ ਅਤੇ ਉਸ ਦੇ ਪੁੱਤਰ ਦਾ ਨਾਮ ਵੀ ਲਿਆ ਸੀ। ਜਿਸ ਕਰਕੇ ਪੁਲਸ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਸੀ।
ਇਸ ਸਭ ਦੇ ਚੱਲਦੇ ਹੁਣ ਅੱਜ ਜਦੋਂ ਬੁੱਧਵਾਰ ਸਵੇਰੇ ਮੰਡ ਗੁਰਦੁਆਰਾ ਸਾਹਿਬ ਜਾਣ ਲੱਗੇ ਤਾਂ ਉਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਨੇ ਰੋਕ ਲਿਆ। ਇਸ ਤੋਂ ਬਾਅਦ ਮੰਡ ਦੀ ਪੁਲਸ ਨਾਲ ਬਹਿਸਬਾਜ਼ੀ ਹੋ ਗਈ। ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਸੇ ਤਰੀਕੇ ਸ਼ਾਂਤ ਕਰਵਾਇਆ। ਉਧਰ ਗੁਰਸਿਮਰਨ ਮੰਡ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਵੱਲੋਂ ਜ਼ਬਰਦਸਤੀ ਘਰ ਵਿਚ ਬੰਦ ਕੀਤਾ ਹੋਇਆ ਹੈ। ਜੇਕਰ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਧਮਕੀਆਂ ਮਿਲ ਰਹੀਆਂ ਹਨ ਤਾਂ ਪੁਲਸ ਉਸ ਦੇ ਪੁੱਤਰ ਨੂੰ ਵੱਖਰੇ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾ ਸਕਦੀ ਹੈ। ਜੇਕਰ ਪੁਲਸ ਉਨ੍ਹਾਂ ਨੂੰ ਆਪਣਾ ਕੰਮ ਛੱਡ ਕੇ ਹਰ ਸਮੇਂ ਘਰ ਵਿਚ ਬੰਦ ਰਹਿਣ ਲਈ ਕਹੇ, ਤਾਂ ਉਹ ਅਜਿਹਾ ਨਹੀਂ ਕਰ ਸਕਦੇ।