ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਬੀਤੇ ਦਿਨ SIT ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ ਸਨ। ਡਰੱਗ ਰੈਕੇਟ ਮਾਮਲੇ ’ਚ ਨਵੀਂ ਬਣਾਈ ਗਈ SIT ਨੇ ਮਜੀਠੀਆ ਨੂੰ 7 ਘੰਟੇ ਪੁੱਛਗਿੱਛ ਕੀਤੀ। ਮਜੀਠੀਆ ਸਾਢੇ 11 ਵਜੇ ਪੁਲਿਸ ਲਾਈਨ ਗਏ ਅਤੇ ਸ਼ਾਮ ਨੂੰ ਸਾਢੇ 6 ਵਜੇ ਵਾਪਸ ਆਏ। ਪੁੱਛਗਿੱਛ ਦੌਰਾਨ SIT ਦੇ ਮੈਂਬਰਾਂ ਨੇ ਮਜੀਠੀਆ ਤੋਂ ਡਰੱਗ ਰੈਕੇਟ ਨਾਲ ਜੁ਼ੜੇ ਸਵਾਲ ਕੀਤੇ। ਜਿਹੜੇ ਵਿਅਕਤੀਆਂ ਨੂੰ ਪੁਲਿਸ ਨੇ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ ਜਾਂ ਫਿਰ ਜਿਨ੍ਹਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ, ਇਹਨਾਂ ਸਾਰੀਆਂ ਨਾਲ ਜੁੜੇ ਸਵਾਲ ਪੁੱਛੇ ਗਏ।
ਪੁੱਛਗਿੱਛ ਤੋਂ ਬਾਅਦ ਦਫਤਰ ਤੋਂ ਬਾਹਰ ਆਏ ਮਜੀਠੀਆ ਨੇ ਮੁੜ ਆਪ ਸਰਕਾਰ ਨੂੰ ਕੜੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਮੈਨੂੰ ਜੇਲ੍ਹ ਅੰਦਰ ਢੱਕਣ ਦੇ ਲਈ ਸਰਕਾਰ ਜਿੰਨੀਆਂ ਮਰਜ਼ੀ ਸਿੱਟਾਂ ਬਣਾ ਲੈਣ ਸਾਰੀਆਂ ਸਿੱਟਾਂ ਬੇਸਿੱਟਾ ਰਹਿਣਗੀਆਂ, ਕਿਉਂਕਿ ਮੈਨੂੰ ਆਪਣੇ ਅਕਾਲ ਪੁਰਖ ‘ਤੇ ਪੂਰਨ ਭਰੋਸਾ ਹੈ। ਪਰ ਸਿੱਟ ਬਣਾਕੇ ਝੂਠੇ ਮਾਮਲੇ ਵਿੱਚ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰਨ ਨਾਲ ਸਰਕਾਰ ਦਾ ਚਿਹਰਾ ਬੇਨਕਾਬ ਹੋ ਰਿਹਾ ਹੈ।
ਦੱਸ ਦਈਏ ਕਿ ਮਜੀਠੀਆ ਇਸ ਮਾਮਲੇ ’ਚ ਗਠਿਤ ਨਵੀਂ SIT ਜਿਸ ਦੇ ਮੁਖੀ DIG ਹਰਚਰਨ ਸਿੰਘ ਭੁੱਲਰ ਹਨ ਉਹਨਾਂ ਦੇ ਸਾਹਮਣੇ ਪੇਸ਼ ਹੋਏ। ਇਸ ਤੋਂ ਪਹਿਲਾਂ ADGP ਮੁਖਵਿੰਦਰ ਛੀਨਾ ਦੀ ਅਗਵਾਈ ਹੇਠਲੀ SIT ਵੱਲੋਂ ਦੋ ਵਾਰ ਮਜੀਠੀਆ ਨਾਲ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ 31 ਦਸੰਬਰ ਨੂੰ ਹੋਈ ਸੇਵਾਮੁਕਤੀ ਉਪਰੰਤ ਨਵੀਂ ਬਣੀ SIT ਕੋਲ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਸੀ। ਡੀਆਈਜੀ ਭੁੱਲਰ ਤੋਂ ਇਲਾਵਾ ਐਸਆਈਟੀ ਵਿੱਚ ਪਟਿਆਲਾ ਦੇ SSP ਵਰੁਣ ਸ਼ਰਮਾ ਤੇ ਧੂਰੀ ਦੇ SP ਯੋਗੇਸ਼ ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਹੁਣ SIT ਆਪਣੀ ਫਾਈਨਲ ਰਿਪੋਰਟ ਕੀ ਦਿੰਦੀ ਹੈ ਜਾਂ ਫਿਰ ਬਿਕਰਮ ਮਜੀਠੀਆ ਨੂੰ ਮੁੜ ਤੋਂ ਸੰਮਨ ਜਾਰੀ ਕਰਦੀ ਹੈ।