ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਦੀਆ ਮੁਸ਼ਕਿਲਾਂ ਦਿਨੋ ਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਈ.ਡੀ. ਨੇ ਫਿਰ ਤੋਂ ਸਾਧੂ ਸਿੰਘ ਧਰਮਸੌਤ ਨੂੰ ਜੰਗਲਾਤ ਘੁਟਾਲਾ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਕਾਫੀ ਸਮੇਂ ਤੋਂ ਈ.ਡੀ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਬੀਤੇ ਦਿਨ ਯਾਨੀ ਕਿ ਈ.ਡੀ. ਨੇ ਧਰਮਸੌਤ ਨੂੰ PMLA ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਈ.ਡੀ. ਨੇ ਸਿਵਲ ਹਸਪਤਾਲ ਤੋਂ ਧਰਮਸੌਤ ਦਾ ਮੈਡੀਕਲ ਵੀ ਕਰਵਾਇਆ ਹੈ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਈ.ਡੀ. ਦੇ ਵਿੰਗ ਵੱਲੋਂ ਧਰਮਸੌਤ ਦੇ ਅਮਲੋਹ ਸਥਿਤ ਰਿਹਾਹਿਸ਼ ’ਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਧਰਮਸੌਤ ਦੇ ਨਾਲ-ਨਾਲ ਜੰਗਲਾਤ ਵਿਭਾਗ ਨਾਲ ਜੁੜੇ ਕੁਝ ਹੋਰ ਅਫਸਰਾਂ ਅਤੇ ਠੇਕੇਦਾਰਾਂ ਦੇ ਘਰਾਂ ’ਤੇ ਵੀ ਰੇਡ ਹੋਈ ਸੀ। ਪੰਜਾਬ ਵਿਚ ‘ਆਪ’ ਸਰਕਾਰ ਆਉਣ ਤੋਂ ਬਾਅਦ ਇਸ ਮਾਮਲੇ ਵਿਚ ਫਿਰ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿਜੀਲੈਂਸ ਵਿਭਾਗ ਨੇ ਜੰਗਲਾਤ ਵਿਭਾਗ ਵਿਚ ਦਰੱਖਤਾਂ ਦੇ ਹੋਏ ਘਪਲੇ ਨੂੰ ਲੈ ਕੇ ਇਕ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਧਰਮਸੌਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਝ ਦੇਰ ਪਹਿਲਾਂ ਹੀ ਉਹ ਜ਼ਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਏ ਸਨ। ਹੁਣ ਈ.ਡੀ. ਅਧਿਕਾਰੀ ਮੰਗਲਵਾਰ ਯਾਨੀ ਕਿ ਅੱਜ ਮੋਹਾਲੀ ਕੋਰਟ ਵਿਚ ਧਰਮਸੌਤ ਨੂੰ ਪੇਸ਼ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਮਾਮਲਾ ਵੱਡਾ ਅਤੇ ਹਾਈ-ਪ੍ਰੋਫਾਈਲ ਹੋਣ ਕਾਰਨ ਈ.ਡੀ. ਅਦਾਲਤ ਤੋਂ ਕਈ ਦਿਨਾਂ ਦਾ ਰਿਮਾਂਡ ਮੰਗ ਸਕਦੀ ਹੈ ਕਿਉਂਕਿ ਅਧਿਕਾਰੀਆਂ ਨੂੰ ਬੇਨਾਮੀ ਜਾਇਦਾਦ ਸਮੇਤ ਕਈ ਹੋਰ ਕਾਗਜ਼ਾਤ ਮਿਲੇ ਹਨ, ਜੋ ਕਿ ਇਸ ਮਾਮਲੇ ਨਾਲ ਜੁੜੇ ਹਨ।
ਤੁਹਾਡੀ ਜਾਣਕਾਰੀ ਲਈ ਦੱਸਦਈਏ ਕਿ 1 ਮਾਰਚ 2016 ਤੋਂ 31 ਮਾਰਚ 2022 ਤਕ ਧਰਮਸੌਤ ਮੰਤਰੀ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਆਮਦਨ 2.37 ਕਰੋੜ ਰੁਪਏ ਸੀ, ਜਦੋਂ ਕਿ ਉਨ੍ਹਾਂ ਵੱਲੋਂ 8.76 ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਇਹ ਖਰਚ ਕਿਸ ਤਰ੍ਹਾਂ ਨਾਲ ਕੀਤਾ, ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਸੀ। ਵਿਜੀਲੈਂਸ ਬਿਊਰੋ ਨੇ ਜੂਨ 2022 ਨੂੰ ਧਰਮਸੌਤ ਨੂੰ ਉਨ੍ਹਾਂ ਦੇ 2 ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੋਹਾਲੀ ਦੇ ਡੀ.ਐੱਫ.ਓ. ਗੁਰਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਿੰਦਰ ਸਿੰਘ ਦੇ ਇਕ ਸਟਿੰਗ ਵਿਚ ਧਰਮਸੌਤ ਦੀ ਪੋਲ ਖੁੱਲ੍ਹੀ ਸੀ। ਇਸ ਸਟਿੰਗ ਵਿਚ ਗੁਰਮਨਪ੍ਰੀਤ ਨੂੰ ਕਥਿਤ ਤੌਰ ’ਤੇ ਇਕ ਫਾਰਮ ਹਾਊਸ ਦੀ ਵਿਕਰੀ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗਦਿਆਂ ਦੇਖਿਆ ਗਿਆ ਸੀ।