ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਮਾਮਲੇ ਵਿੱਚ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਮਜੀਠੀਆ ਤੋਂ ਪੁੱਛ-ਪੜਤਾਲ ਕਰਨ ਲਈ ਪਟਿਆਲਾ ਦੇ DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਬਣਾਈ ਗਈ ਤਿੰਨ ਮੈਂਬਰੀ ‘SIT’ ’ਚ ਤਿੰਨ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਟੀਮ ਵਿੱਚ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਪਟਿਆਲਾ ਦੇ ਡੀਐਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਸਮੇਤ ਸਟੇਟ ਕਰਾਈਮ ਵਿੰਗ ਮੁਹਾਲ਼ੀ ਦੇ ਡੀਐਸਪੀ ਨਰਿੰਦਰ ਸਿੰਘ ਤੇ ਇਸੇ ਵਿੰਗ ਦੇ ਇੰਸਪੈਕਟਰ ਦਰਬਾਰਾ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ.
ਉਂਜ ਇਹ ਤਿੰਨੋਂ ਅਧਿਕਾਰੀ ਏਡੀਜੀਪੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠਲੀ ਟੀਮ ’ਚ ਵੀ ਸ਼ਾਮਲ ਰਹੇ ਹਨ ਪਰ ਇਨ੍ਹਾਂ ਨੂੰ ਇਸ ਕੇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੋਣ ਕਾਰਨ ਨਵੀਂ ‘ਸਿਟ’ ’ਚ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਮੁਖਵਿੰਦਰ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਚੁੱਕੇ ਹਨ। ਉਹ ਇਸ ‘SIT’ ਦੇ ਤਕਰੀਬਨ ਨੌਂ ਮਹੀਨੇ ਮੁਖੀ ਰਹੇ ਪਰ ਉਨ੍ਹਾਂ ਨੇ ਸਰਗਰਮੀ ਅੰਤਲੇ ਦਿਨਾਂ ’ਚ ਹੀ ਵਿਖਾਈ। ਇਸ ਦੌਰਾਨ 11 ਦਸੰਬਰ ਨੂੰ ਪਹਿਲੀ ਵਾਰ ਮਜੀਠੀਆ ਨੂੰ ਸੰਮਨ ਜਾਰੀ ਕਰਕੇ 18 ਦਸੰਬਰ ਨੂੰ ਪਟਿਆਲਾ ’ਚ ਸੱਤ ਘੰਟੇ ਪੁੱਛ-ਪੜਤਾਲ ਕੀਤੀ।
ਉਸੇ ਹੀ ਦਿਨ 27 ਦਸੰਬਰ ਲਈ ਮੁੜ ਸੰਮਨ ਜਾਰੀ ਕਰ ਦਿੱਤੇ ਪਰ ਮਜੀਠੀਆ ਹਾਜ਼ਰ ਨਾ ਹੋਏ ਜਿਸ ਤਹਿਤ 27 ਦਸੰਬਰ ਨੂੰ ਹੀ ਮੁੜ ਜਾਰੀ ਕੀਤੇ ਗਏ ਸੰਮਨਾਂ ਤਹਿਤ ਜਦੋਂ ਮਜੀਠੀਆ 30 ਦਸੰਬਰ ਨੂੰ ਪੇਸ਼ ਹੋਏ ਤਾਂ ਛੀਨਾ ਦੀ ਅਗਵਾਈ ਹੇਠਲੀ ਟੀਮ ਨੇ ਚਾਰ ਘੰਟੇ ਪੁੱਛਗਿੱਛ ਕੀਤੀ। ਛੀਨਾ ਦੀ ਅਗਵਾਈ ਹੇਠਲੀ ਸਿਟ ਵੱਲੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੂੰ ਵੀ ਸੰਮਨ ਭੇਜ ਕੇ ਗਵਾਹ ਵਜੋਂ ਸੱਦਿਆ ਗਿਆ ਸੀ।