ਪੰਜਾਬ ਵਿੱਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ NGT ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਸੋਮਵਾਰ ਨੂੰ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੱਧੂ ਨੇ “X” ‘ਤੇ ਲਿਖਿਆ, “ਮੈਂ ਪੰਜਾਬ ਦੇ ਕੁਝ ਸ਼ੁਭਚਿੰਤਕਾਂ ਨਾਲ ਮਿਲ ਕੇ NGT ਦਿੱਲੀ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਤੇ ਤੁਰੰਤ ਐਕਸ਼ਨ ਲੈ ਕੇ ਪੰਜਾਬ ਵਿੱਚ ਰੇਤ ਦੀ ਸਾਰੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾਵੇ ਅਤੇ ਰੂਪਨਗਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਅਤੇ ਅਜਿਹੇ ਅਧਿਕਾਰੀਆਂ ਵਿਰੁੱਧ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ।”
ਪੰਜਾਬ ਅਤੇ ਹਰਿਆਣਾ ਦੇ ਮਾਣਯੋਗ ਹਾਈਕੋਰਟ ਨੇ ਇਹ ਵੀ ਦੇਖਿਆ ਹੈ ਕਿ ਪੰਜਾਬ ਦੇ ਰੂਪਨਗਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈਆਂ ਚੱਲ ਰਹੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਪੁਲਿਸ ਇਨ੍ਹਾਂ ਕਾਰਵਾਈਆਂ ਪਿੱਛੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਯੁਕਤ ਕਮੇਟੀ ਦੇ ਸੁਝਾਵਾਂ ‘ਤੇ ਅਮਲ ਕਰਕੇ ਅਜਿਹੀ ਗੈਰ-ਕਾਨੂੰਨੀ ਮਾਈਨਿੰਗ ‘ਤੇ ਰੋਕ ਲਗਾਉਣ ਲਈ ਟ੍ਰਿਬਿਊਨਲ ਵੱਲੋਂ ਪਹਿਲਾਂ ਦਿੱਤੇ ਨਿਰਦੇਸ਼ਾਂ ਦੇ ਬਾਵਜੂਦ ਰੂਪਨਗਰ ‘ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਲਗਾਤਾਰ ਜਾਰੀ ਹੈ, ਜੋ ਰੂਪਨਗਰ ਅਤੇ ਇਸ ਦੇ ਵਾਤਾਵਰਣ ਨੂੰ ਤਬਾਹ ਕਰਨ ਵਾਲਾ ਮੁੱਦਾ ਬਣਿਆ ਹੋਇਆ ਹੈ
ਜ਼ਿਕਰ ਕਰ ਦਇਏ ਕਿ ਰੂਪਨਗਰ ਵਿੱਚ ਚੱਲ ਰਹੀ ਮਾਈਨਿੰਗ ਨੂੰ ਲੈ ਕੇ HC ਨੇ ਸਖ਼ਤ ਆਦੇਸ਼ ਜਾਰੀ ਕਰਦੇ ਹੋਏ SSP’s ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਜ਼ਿਲ੍ਹੇ ਵਿੱਚ ਮਾਈਨਿੰਗ ਨੂੰ ਲੈਕੇ ਕਿੰਨੀਆਂ FIR ਦਰਜ ਕੀਤੀਆਂ ਗਈਆਂ ਹਨ ਉਸ ਸਬੰਧੀ ਜਾਣਕਾਰੀ ਦਿੱਤੀ ਜਾਵੇ। ਇਸ ਦੇ ਨਾਲ ਹੀ NGT ਦੀਆਂ ਟੀਮਾਂ ਨੇ ਨੰਗਲ ਵਿੱਚ ਕਈ ਥਾਂਈ ਚੈਕਿੰਗ ਵੀ ਕੀਤੀ ਸੀ ਕਿ ਕਿੱਥੇ-ਕਿੱਥੇ ਕਿੰਨੀ ਮਾਤਰਾ ਵਿੱਚ ਮਾਈਨਿੰਗ ਹੋਈ ਹੈ।