ਫਰੀਦਕੋਟ ‘ਚ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਪੰਜਾਬ ਸਿਹਤ ਅਤੇ ਪਰਿਵਾਰ ਵਿਭਾਗ ਅਧੀਨ ਵੱਖ-ਵੱਖ ਪੈਰਾਮੈਡੀਕਲ ਅਸਾਮੀਆਂ ਲਈ ਪ੍ਰੀਖਿਆ ਚੱਲ ਰਹੀ ਸੀ। ਇਸ ਪ੍ਰੀਖਿਆ ਦੌਰਾਨ ਕੁੜੀ ਦੇ ਭੇਸ ‘ਚ ਪੇਪਰ ਦੇਣ ਆਏ ਨੌਜਵਾਨ ਨੂੰ ਕਾਬੂ ਕੀਤਾ ਗਿਆ। ਨੌਜਵਾਨ ਦੀ ਪਹਿਚਾਣ ਫਾਜ਼ਿਲਕਾ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਵੱਜੋਂ ਹੋਈ ਹੈ। ਇਹ ਗ੍ਰੈਜੂਏਟ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਹਾ ਸੀ। ਉਸ ਨੇ ਨਕਲੀ ਲੰਬੇ ਵਾਲ, ਸਲਵਾਰ-ਸੂਟ ਅਤੇ ਬਿੰਦੀ-ਲਿਪਸਟਿਕ ਵੀ ਲਾਈ ਹੋਈ ਸੀ। ਲੜਕੀ ਦੇ ਭੇਸ ‘ਚ ਆਏ ਇਸ ਵਿਅਕਤੀ ਨੂੰ ਪ੍ਰੀਖਿਆ ਕੇਂਦਰ ਤੋਂ ਹੀ ਕਾਬੂ ਕੀਤਾ ਗਿਆ ਹੈ।
ਇਹ ਪ੍ਰੀਖਿਆ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਵਿੱਚ ਚੱਲ ਰਹੀ ਸੀ। ਅੰਗਰੇਜ਼ ਸਿੰਘ ਲੜਕੀ ਪਰਮਜੀਤ ਕੌਰ ਦਾ ਭੇਸ ਬਣਾ ਕੇ ਉਸ ਦੀ ਥਾਂ ਪੇਪਰ ਦੇਣ ਚਲਾ ਗਿਆ। ਪ੍ਰੀਖਿਆ ਸ਼ੁਰੂ ਹੁੰਦੇ ਹੀ ਪ੍ਰੀਖਿਆ ਕੇਂਦਰ ‘ਤੇ ਤਾਇਨਾਤ ਅਧਿਆਪਕ ਨੂੰ ਉਸ ‘ਤੇ ਸ਼ੱਕ ਹੋ ਗਿਆ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਲੜਕੀ ਨਹੀਂ ਸਗੋਂ ਨੌਜਵਾਨ ਸੀ। ਜਦੋਂ ਅਧਿਆਪਕਾਂ ਨੇ ਉਸ ਦਾ ਆਧਾਰ ਅਤੇ ਵੋਟਰ ਕਾਰਡ ਚੈੱਕ ਕੀਤਾ ਤਾਂ ਉਹ ਵੀ ਜਾਅਲੀ ਪਾਇਆ ਗਿਆ। ਉਸ ‘ਤੇ ਪਰਮਜੀਤ ਕੌਰ ਦਾ ਨਾਂ ਸੀ ਅਤੇ ਫੋਟੋ ਵੀ ਵੱਖਰੀ ਸੀ।
ਇਸ ਤੋਂ ਬਾਅਦ ਯੂਨੀਵਰਸਿਟੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਆਪਣੇ ਨਾਲ ਲੈ ਗਈ।