26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਣ ਵਾਲੀ ਪਰੇਡ ‘ਚੋਂ ਰੱਦ ਕੀਤੀ ਪੰਜਾਬ ਦੀ ਝਾਕੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਦੇ CM ਮਾਨ ਨੇ ਫ਼ੈਸਲਾ ਲਿਆ ਕਿ ਪੰਜਾਬ ਦੀਆਂ ਝਾਂਕੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਸੂਬੇ ਦੇ ਹਰ ਪਿੰਡ, ਹਰ ਗਲੀ ਅਤੇ ਮੁਹੱਲੇ ‘ਚ ਜਾਣਗੀਆਂ। ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਪਹਿਲੇ ਪੜਾਅ ਵਿੱਚ 9 ਝਾਂਕੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਅਗਲੇ ਪੜਾਅ ਵਿੱਚ ਇਨ੍ਹਾਂ ਦੀ ਗਿਣਤੀ ਵਧਾਈ ਜਾਵੇਗੀ।
ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਦਿਖਾਏ ਜਾਣ ਵਾਲੇ ਝਾਕੀਆਂ ਨੂੰ ਉਸੇ ਅੰਦਾਜ਼ ਵਿੱਚ ਪੰਜਾਬ ਵਿੱਚ ਪਰੇਡ ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਨੂੰ ਟਰਾਲੀਆਂ ‘ਤੇ ਸਹੀ ਢੰਗ ਨਾਲ ਸਜਾਇਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਵਿੱਚ ਲਿਜਾਇਆ ਜਾਵੇਗਾ। ਝਾਂਕੀ ਹਰੇਕ ਪਿੰਡ ਵਿੱਚ 10 ਤੋਂ 15 ਮਿੰਟ ਲਈ ਰੁਕੇਗੀ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੀ ਯੋਜਨਾ ਹੈ ਕਿ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਝਾਕੀ ਲਗਾਈ ਜਾਵੇਗੀ।
ਦੱਸ ਦਈਏ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਝਾਕੀ ਰੱਦ ਕਰ ਦਿੱਤੀ ਗਈ ਸੀ ਅਤੇ ਨਾਲ ਹੀ ਰੱਖਿਆ ਮੰਤਰਾਲੇ ਵੱਲੋਂ ਦਿੱਲੀ ਵਿੱਚ ਹੋਣ ਵਾਲੇ ਭਾਰਤ ਪਰਵ ਵਿੱਚ ਪੰਜਾਬ ਦੀ ਝਾਕੀ ਭੇਜਣ ਦੀ ਗੱਲ ਚੱਲੀ ਸੀ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਝਾਂਕੀ ਨੂੰ ਰਿਜੈਕਟ ਸ਼੍ਰੇਣੀ ਵਿੱਚ ਨਹੀਂ ਭੇਜਣਗੇ। ਇਸ ਦੇ ਨਾਲ ਹੀ ਪੰਜਾਬ ਅਤੇ ਦਿੱਲੀ ‘ਚ ਵੀ ਪੰਜਾਬ ਦੀ ਝਾਂਕੀ ਲੈ ਕੇ ਜਾਵਾਂਗੇ। ਤਾਂ ਜੋ ਪੰਜਾਬ ਦੇ ਅਮੀਰ ਵਿਰਸੇ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ।