ਪੰਜਾਬ ਅਤੇ ਉੱਤਰ ਭਾਰਤ ਦੇ ਸੂਬਿਆਂ ‘ਚ ਠੰਡ ਨੇ ਅੱਤ ਦੀ ਤੀਬਰਤਾ ਦਿਖਾਈ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਕੁਝ ਥਾਵਾਂ ‘ਤੇ ਸੰਘਣੀ ਧੁੰਦ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਲੁਧਿਆਣਾ ਦਾ ਵੱਧ ਤੋਂ ਵੱਧ ਟੈਂਪਰੇਚਰ 11 ਡਿਗਰੀ ਰਿਕਾਰਡ ਕੀਤਾ ਗਿਆ ਜੋ ਪਿਛਲੇ 50 ਸਾਲਾਂ ਦੇ ਵਿੱਚ ਤੀਜੀ ਵਾਰ ਹੋਇਆ ਹੈ। ਹਾਲਾਂਕਿ ਜੇਕਰ ਰਾਤ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਚੱਲ ਰਹੇ ਹਨ ਪਰ ਦਿਨ ਵੇਲੇ ਜਿਆਦਾ ਠੰਡ ਮਹਿਸੂਸ ਹੋ ਰਹੀ। ਅਜਿਹੇ ਮੌਸਮ ਦੇ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ।
ਮੌਸਮ ਵਿਭਾਗ ਅਨੁਸਾਰ ਕਿਹਾ ਜਾ ਰਿਹਾ ਹੈ ਕਿ 10 ਜਨਵਰੀ ਤੋਂ ਮੌਸਮ ਖੁਸ਼ਕ ਰਹੇਗਾ। 10 ਜਨਵਰੀ ਤੋਂ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਕੁਝ ਥਾਵਾਂ ‘ਤੇ ਹਲਕੀ ਧੁੱਪ ਵੀ ਆ ਸਕਦੀ ਹੈ। ਸੋਮਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 7.2 ਡਿਗਰੀ ਤੋਂ 12.0 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।
ਅੱਜ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਸਵੇਰੇ ਕੁਝ ਘੰਟਿਆਂ ਲਈ ਸੰਘਣੀ ਧੁੰਦ ਛਾਈ ਰਹੀ। ਹਿਮਾਚਲ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ 09 ਅਤੇ 10 ਜਨਵਰੀ ਨੂੰ ਠੰਡ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ