ਦਿੱਲੀ ਕਾਂਗਰਸ ਦੇ ਨੇਤਾ ਦੇਵੇਂਦਰ ਯਾਦਵ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਪਹਿਲੀ ਵਾਰ 4 ਦਿਨਾਂ ਦੌਰੇ ‘ਤੇ ਪੰਜਾਬ ਆਏ ਹਨ। ਉਨ੍ਹਾਂ ਦਾ ਸਵਾਗਤ ਕਰਨ ਲਈ ਪੰਜਾਬ ਪ੍ਰਧਾਨ ਰਾਜਾ ਵੜਿੰਗ ਤੋਂ ਇਲਾਵਾ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੱਧੂ ਵੀ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੇ ਸਭ ਤੋਂ ਪਹਿਲਾਂ ਕਾਂਗਰਸੀ ਲੀਡਰਸ਼ਿਪ ਨਾਲ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਮੀਡਿਆ ਨਾਲ ਗੱਲਬਾਤ ਦੌਰਾਨ ਦੇਵੇਂਦਰ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਉਹ ‘ਆਪ’ ਨਾਲ ਸੀਟਾਂ ਦੀ ਵੰਡ ਬਾਰੇ ਫਿਲਹਾਲ ਕੁਝ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਇਸ ਮੁੱਦੇ ‘ਤੇ ਪਾਰਟੀ ਦੇ ਲੀਡਰਾਂ ਦੇ ਨਾਲ ਗੱਲ ਕਰਨਗੇ ਅਤੇ ਫਿਰ ਬੋਲਣਗੇ। ਦੱਸ ਦਈਏ ਕਿ ਉਨ੍ਹਾਂ ਦੇ ਸਾਹਮਣੇ ਦੋ ਮੁੱਖ ਮੁੱਦੇ ਹਨ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਅਤੇ ਦੂਜਾ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਆਗੂਆਂ ਦਰਮਿਆਨ ਪੈਦਾ ਹੋਈ ਦਰਾਰ ਨੂੰ ਭਰਨਾ ਹੈ।
ਇਸ ਮੌਕੇ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਇੱਕ ਦੂਜੇ ‘ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ. ਸਿੱਧੂ ਨੇ ਕਿਹਾ ਕਿ ਮੇਰੀਆਂ ਰੈਲੀਆਂ ਤੋਂ ਭਾਵੇਂ ਕਿਸੇ ਨੂੰ ਇਤਰਾਜ਼ ਹੋਵੇ ਪਰ ਮੈਨੂੰ ਕਿਸੇ ਤੋਂ ਕੋਈ ਇਤਰਾਜ਼ ਨਹੀਂ ਹੈ ਨਾ ਹੀ ਮੈਂ ਕਿਸੇ ਨੂੰ ਕਿਤੇ ਜਾਣ ਤੋਂ ਰੋਕਿਆ ਹੈ। ਕਾਂਗਰਸੀ ਆਗੂਆਂ ਦੇ ਸਾਹਮਣੇ ਸਿੱਧੂ ਨੇ ਕਿਹਾ ਕਿ ਕੋਈ ਅਖਾੜਾ ਲਗਾ ਕੇ 10 ਹਜ਼ਾਰ ਬੰਦਾ ਇਕੱਠਾ ਕਰਕੇ ਦਿਖਾਵੇ ਮੈਂ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕਰਾਂਗਾ। ਪੰਜਾਬ ਦੀ ਭਲਾਈ ਦੀ ਗੱਲ ਕਰਨ ਦੀ ਬਜਾਏ ਇੱਥੇ ਇਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਕੀਤੀ ਜਾ ਰਹੀ।
ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ ਕੋਈ ਗੁਟਬਾਜ਼ੀ ਨਹੀਂ ਹੈ। ਪਰਿਵਾਰ ਵਿਚ ਵੀ ਛੋਟੇ-ਮੋਟੇ ਮਤਭੇਦ ਹੁਣਦੇ ਹਨ। ਅਸੀਂ ਟੀਮ ਵਰਕ ਨਾਲ ਕਾਂਗਰਸ ਨੂੰ ਮਜ਼ਬੂਤ ਕਰਾਂਗੇ। ਇਸ ਤੋਂ ਬਾਅਦ ਜਦੋਂ ਵੜਿੰਗ ਨੂੰ ਪੁੱਛਿਆ ਗਿਆ ਕਿ, ਕੀ ਨਵਜੋਤ ਸਿੱਧੂ ਨੇ ਬਠਿੰਡਾ ਰੈਲੀ ਬੰਦ ਕਰਨ ਲਈ ਕਿਹਾ ਤਾਂ ਵੜਿੰਗ ਨੇ ਕਿਹਾ ਕਿ ਇਹ ਸਿੱਧੂ ਦਾ ਬਿਆਨ ਹੈ, ਇਸ ਲਈ ਉਨ੍ਹਾਂ ਤੋਂ ਹੀ ਪੁੱਛੋ। ਵੜਿੰਗ ਨੇ ਕਿਹਾ ਕਿ ਮੈਨੂੰ ਕਿਸੇ ਵੀ ਥਾਂ ‘ਤੇ ਰੈਲੀ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਸਾਰਿਆਂ ਨੂੰ ਅਨੁਸ਼ਾਸਨ ਵਿਚ ਰਹਿਣਾ ਹੋਵੇਗਾ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ