ਦੇਸ਼ ਭਰ ‘ਚ ਕੜਾਕੇ ਦੀ ਠੰਡ ਜਾਰੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆ ‘ਚ ਪਿਛਲੇ ਇੱਕ ਹਫਤੇ ਤੋਂ ਧੁੱਪ ਨਹੀਂ ਨਿਕਲੀ। ਮੌਸਮ ਵਿਭਾਗ ਦੀ ਭਵਿੱਖਵਾਣੀ ਮੁਤਾਬਕ ਸੋਮਵਾਰ ਨੂੰ ਹੁਸ਼ਿਆਰਪੁਰ, ਪਠਾਨਕੋਟ, ਰੋਪੜ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਤੇ ਚੰਡੀਗੜ੍ਹ ’ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਨਾਲ ਦਿਨ ਦੇ ਤਾਪਮਾਨ ’ਚ ਦੋ ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ। ਇਸ ਨਾਲ ਠੰਢ ਕਾਫ਼ੀ ਵੱਧ ਜਾਵੇਗੀ। ਠੰਢ ਦੇ ਨਾਲ-ਨਾਲ ਬਾਰਿਸ਼ ਨਾਲ ਅਗਲੇ ਦਿਨ ਧੁੰਦ ਵਧਣ ਦੀ ਵੀ ਸੰਭਾਵਨਾ ਹੈ।
ਇਸਦੇ ਨਾਲ ਹੀ ਦੱਸ ਦਈਏ ਕਿ ਐਤਵਾਰ ਨੂੰ ਨਵਾਂਸ਼ਹਿਰ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ ਜਿੱਥੇ ਦਿਨ ਦਾ ਤਾਪਮਾਨ 8.9 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 5.7 ਡਿਗਰੀ ਸੈਲਸੀਅਸ ਰਿਹਾ। ਦਿਨ ਦਾ ਤਾਪਮਾਨ ਆਮ ਨਾਲੋਂ 11 ਡਿਗਰੀ ਘੱਟ ਰਿਹਾ ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ 1.5 ਡਿਗਰੀ ਵੱਧ ਰਿਹਾ। ਨਵਾਂ ਸ਼ਹਿਰ ’ਚ ਪਿਛਲੇ 28 ਸਾਲਾਂ ’ਚ ਪਹਿਲੀ ਵਾਰ ਸੱਤ ਜਨਵਰੀ ਨੂੰ ਦਿਨ ਦਾ ਤਾਪਮਾਨ ਏਨਾ ਹੇਠਾਂ ਤੱਕ ਆਇਆ ਹੈ।
ਉੱਥੇ ਹੀ ਲੁਧਿਆਣੇ ’ਚ ਦਿਨ ਦਾ ਤਾਪਮਾਨ 9.6 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ। ਇੱਥੇ ਦਿਨ ਦਾ ਤਾਪਮਾਨ ਆਮ ਨਾਲੋਂ ਅੱਠ ਡਿਗਰੀ ਸੈਲਸੀਅਸ ਘੱਟ ਤੇ ਰਾਤ ਦਾ ਪਾਰਾ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ।