ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਕਾਨੂੰਨ ਵਿਵਸਥਾ ਇਸ ਹੱਦ ਤੱਕ ਵਿਗੜ ਚੁੱਕੀ ਹੈ ਕਿ ਹੁਣ ਘਰ ਅੰਦਰ ਰਹਿ ਰਹੇ ਲੋਕ ਵੀ ਸੁਰਖਿਅਤ ਨਹੀਂ ਹਨ। ਹਾਲ ਹੀ ‘ਚ ਹੁਣ ਇਸੇ ਨਾਲ ਜੁੜਿਆ ਨਵਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ‘ਚ ਪੱਟੀ ਦੀ ਸਾਂਸੀਆਂ ਬਸਤੀ ’ਚ ਐਤਵਾਰ ਨੂੰ ਦਿਨ ਦਿਹਾੜੇ ਇੱਕ ਗਰਭਵਤੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ਦੀ ਪਛਾਣ ਸੁਨੀਤਾ ਰਾਣੀ (24) ਪਤਨੀ ਰਾਜਾ ਸਿੰਘ ਵਜੋਂ ਹੋਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸੁਨੀਤਾ ਰਾਣੀ ਚਾਰ ਮਹੀਨੇ ਦੀ ਗਰਭਵਤੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
ਕੀ ਹੈ ਮਾਮਲਾ?
ਮ੍ਰਿਤਕਾ ਦੇ ਪਤੀ ਰਾਜਾ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਨਜ਼ਦੀਕ ਰਹਿੰਦੇ ਸੱਤ ਅੱਠ ਨੌਜਵਾਨਾਂ ਨੇ ਉਨ੍ਹਾਂ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਾ ਕੀਤੀ। ਐਤਵਾਰ ਨੂੰ ਫਿਰ ਉਨ੍ਹਾਂ ਵੱਲੋਂ ਉਸ ਦੇ ਘਰ ਗੋਲੀਆਂ ਮਾਰੀਆਂ ਗਈਆਂ ਜਿਸ ਵਿੱਚੋਂ ਇਕ ਗੋਲੀ ਉਸ ਦੀ ਪਤਨੀ ਸੁਨੀਤਾ ਕੁਮਾਰੀ ਦੇ ਵੱਜੀ ਤੇ ਉਸ ਦੀ ਮੌਤ ਹੋ ਗਈ।
ਸੁਨੀਤਾ ਦੀ ਸੱਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦੋ ਸਾਲ ਬਾਅਦ ਜੇਲ੍ਹ ਤੋਂ ਆਇਆ ਹੈ। ਰਾਤ ਨੂੰ ਕੁਝ ਲੋਕ ਘਰ ਦੇ ਬਾਹਰ ਗਾਲ੍ਹਾਂ ਕੱਢ ਰਹੇ ਸਨ। ਇਸ ਨੂੰ ਲੈ ਕੇ ਬਹਿਸ ਹੋਈ ਪਰ ਲੋਕਾਂ ਨੇ ਰਾਜੀਨਾਮਾ ਕਰਵਾ ਦਿੱਤਾ। ਉਸ ਦੇ ਬੇਟੇ ਨਾਲ ਬੌਬੀ ਦੀ ਬਹਿਸ ਹੋਈ ਸੀ। ਐਤਵਾਰ ਦੁਪਹਿਰ ਨੂੰ ਬੌਬੀ ਆਪਣੇ ਸਾਥੀ ਨਾਲ ਉਨ੍ਹਾਂ ਦੇ ਘਰ ਦਾਖਲ ਹੋ ਗਿਆ।
ਹਾਸਲ ਜਾਣਕਾਰੀ ਮੁਤਾਬਕ ਲੜਨ ਵਾਲੀਆਂ ਦੋਵੇਂ ਧਿਰਾਂ ਆਪਸ ਵਿੱਚ ਗੁਆਂਢੀ ਹਨ। ਘਟਨਾ ਤੋਂ ਬਾਅਦ ਇਨਸਾਫ਼ ਲੈਣ ਲਈ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨੂੰ ਡੀਐਸਪੀ ਦਫਤਰ ਪੱਟੀ ਲਿਆਂਦਾ ਗਿਆ ਜਿੱਥੇ ਥਾਣਾ ਸਦਰ ਪੱਟੀ ਦੇ ਥਾਣਾ ਮੁਖੀ ਗੁਰਤੇਜ ਸਿੰਘ ਬਰਾੜ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਗਿਆ।