ਪੰਜਾਬ ਸਮੇਤ ਪੂਰੇ ਉਤਰ ਭਾਰਤ ਚ ਠੰਡ ਆਪਣੇ ਸਿਖ਼ਰ ਤੇ ਹੈ। ਰਾਤ ਨੂੰ ਪਈ ਠੰਡ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਲੋਕਾਂ ਦਾ ਘਰਾਂ ਤੋਂ ਨਿਕਲਣਾ ਔਖਾ ਹੋ ਗਿਆ ਹੈ। ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 10.3 ਡਿਗਰੀ ਹੇਠਾਂ ਪਹੁੰਚ ਗਿਆ। ਮੌਸਮ ਵਿਭਾਗ ਨੇ ਸੂਬੇ ਵਿੱਚ ਚੇਤਾਵਨੀ ਜਾਰੀ ਕਰਦੇ ਹੋਏ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਠੰਢ ਤੋਂ ਸਖ਼ਤ ਠੰਢ ਦੇ ਨਾਲ-ਨਾਲ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਵਿੱਚ ਅੱਜ ਸੰਘਣੀ ਧੁੰਦ ਨੇ ਮੁੜ ਤੋਂ ਸੜਕਾਂ ਉੱਤੇ ਆਵਾਜਾਈ ਘੱਟ ਕਰ ਦਿੱਤੀ ਹੈ ਅਤੇ ਵਿਜੀਬਿਲਟੀ ਬਹੁਤ ਘੱਟ ਹੈ। ਪਹਾੜੀ ਇਲਾਕਿਆ ਵਿੱਚ ਬਰਫ਼ ਦਾ ਕਹਿਰ ਸ਼ੁਰੂ ਹੋ ਗਿਆ ਹੈ ਅਤੇ ਇਸ ਨਾਲ ਉੱਤਰੀ ਭਾਰਤ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ। ਅਗਲੇ 3 ਦਿਨਾਂ ਦੀ ਗੱਲ ਕਰੀਏ ਤਾਂ ਪੂਰਬੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਸਵੇਰੇ ਕੁਝ ਘੰਟਿਆਂ ਲਈ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
6 ਤੋਂ 8 ਜਨਵਰੀ ਤੱਕ ਪੱਛਮੀ ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਅਤੇ 6 ਤੋਂ 7 ਜਨਵਰੀ ਤੱਕ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੜੀਸਾ ਵਿੱਚ ਸੰਘਣੀ ਧੁੰਦ ਛਾਈ ਰਹੇਗੀ।