ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਧਾਰਾ 195 ਏ ਅਤੇ 506 ਆਈਪੀਸੀ ਤਹਿਤ ਬੀਤੇ ਦਿਨ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਸੰਬੰਧੀ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ ਤੇ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਦੁਪਹਿਰ ਦੇ ਸਮੇਂ ਉਨ੍ਹਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅੱਜ ਪੇਸ਼ੀ ਦੌਰਾਨ ਖਹਿਰਾ ਨੂੰ ਮਾਣਯੋਗ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ।
ਦੱਸ ਦਈਏ ਕਿ ਸਿਵਲ ਹਸਪਤਾਲ ਵਿਖੇ ਜਦੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ, “ਮੇਰੇ ਪੁਲਿਸ ਹਿਰਾਸਤ ‘ਚ ਕੁਝ ਵੀ ਕਹਿਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਸਿੱਧਾ ਐਕਸ਼ਨ ਪੁਲਿਸ ਮੁਲਾਜ਼ਮਾ ਉੱਪਰ ਲੈਂਦਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕਿਸੇ ਪੁਲਿਸ ਮੁਲਾਜ਼ਮ ਦੀ ਨੌਕਰੀ ਨੂੰ ਕੋਈ ਖਤਰਾ ਹੋਵੇ, ਇਸ ਕਰਕੇ ਉਹ ਇਕੋ ਵਾਰ ਜੇਲ੍ਹ ’ਚੋਂ ਬਾਹਰ ਆਉਣ ਉਪਰੰਤ ਪੂਰੀ ਤਸੱਲੀ ਨਾਲ ਸਰਕਾਰ ਵਿਰੁੱਧ ਗੱਲਬਾਤ ਕਰਨਗੇ।”