ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅਮ੍ਰਿਤਸਰ ‘ਚ ਮੀਟਿੰਗ ਹੋਈ. ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆ ਉੱਤੇ ਵਿਸ਼ੇਸ਼ ਚਰਚਾ ਹੋਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਜੋਆਣਾ ਮਾਮਲੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ 27 ਜਨਵਰੀ ਤੱਕ ਫੈਸਲਾ ਲੈਣ ਲਈ ਆਦੇਸ਼ ਦਿੱਤਾ ਗਿਆ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਸਾਊਂਡ ਸਿਸਟਮ ਨੂੰ ਆਧੁਨਿਕ ਤਕਨੀਕ ਵਾਲੇ ਸਾਊਂਡ ਸਿਸਟਮ ਵਿਚ ਤਬਦੀਲ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਾਂਗ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਦਾ ਵੀ ਸਿੱਧਾ ਪ੍ਰਸਾਰਨ ਸ਼੍ਰੋਮਣੀ ਕਮੇਟੀ ਦੇ ਆਪਣੇ Youtube Channel ਰਾਹੀਂ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਤੇ ਰਾਗੀ ਸਿੰਘਾਂ ਲਈ ਪੁਰਾਤਨ ਪੰਥਕ ਮਰਿਆਦਾ ਅਨੁਸਾਰ ਡਰੈੱਸ ਕੋਡ ਲਾਗੂ ਕਰਨ ਦੀ ਵੀ ਗੱਲ ਕਹੀ ਗਈ ਹੈ। ਉਨਾਂ ਕਿਹਾ ਕਿ ਗ੍ਰੰਥੀ ਸਾਹਿਬਾਨ ਤੇ ਰਾਗੀ ਸਿੰਘਾਂ ਲਈ ਪੁਰਾਤਨ ਪੰਥਕ ਮਰਯਾਦਾ ਅਨੁਸਾਰ ਡਰੈੱਸ ਕੋਡ ਲਾਗੂ ਕਰਦਿਆਂ ਉਨ੍ਹਾਂ ਲਈ ਅੰਮ੍ਰਿਤਸਰੀ ਚੂੜੀਦਾਰ ਪਜਾਮਾ ਲਾਜ਼ਮੀ ਹੋਵੇਗਾ।